ਦਰਿਆ

ਦਰਿਆ ਦੇ
ਦਿਲ ਦੇ ਦਰਿਆ ਵਿੱਚ
ਹੜ੍ਹ ਹੈ
ਤੁਫ਼ਾਨ ਹੈ
ਬਾਹਰੋਂ ਭਾਵੇਂ ਲਗਦਾ ਹੈ
ਕਿ ਪਾਣੀ ਸ਼ਾਂਤ ਵਗਦਾ ਹੈ

ਕਦੇ ਕਦਾਈਂ ਦਿਲ ਦਰਿਆ ’ਤੇ
ਕੜਕਦੀਆਂ ਬਿਜਲੀਆਂ ’ਚੋਂ
ਕੋਈ ਤਰੰਗ ਬਾਹਰ ਆਉਂਦੀ ਹੈ
ਸ਼ਾਂਤ ਵਗਦੇ ਪਾਣੀ ਵਿੱਚ
ਕੋਈ ਮਛਲੀ ਛਟਪਟਾਉਂਦੀ ਹੈ

ਕਦੇ ਕਦਾਈਂ ਦਿਲ ਦਰਿਆ ’ਤੇ
ਵਗਦੀਆਂ ਤੇਜ਼ ਹਵਾਵਾਂ ’ਚੋਂ
ਕੋਈ ਬੁੱਲਾ ਬਾਹਰ ਆਉਂਦਾ ਹੈ
ਦਰਿਆ ਛਟਪਟਾਉਂਦਾ ਹੈ

ਦਰਿਆ ਦੇ
ਦਿਲ ਦੇ ਦਰਿਆ ਵਿੱਚ
ਹੜ੍ਹ ਹੈ
ਤੁਫ਼ਾਨ ਹੈ
ਬਾਹਰੋਂ ਭਾਵੇਂ ਲਗਦਾ ਹੈ
ਕਿ ਪਾਣੀ ਸ਼ਾਂਤ ਵਗਦਾ ਹੈ।

-ਸੰਗਤਾਰ

ਭਗਤ ਸਿੰਘ ਦੀ ਕੁਰਬਾਨੀ

ਭਗਤ ਸਿੰਘ ਦੀ ਜਦੋਂ ਤਸਵੀਰ ਵੇਖੀ
ਵਿੱਚ ਦਿਲ ਦੇ ਕਈ ਖਿਆਲ ਆਏ।
ਰੰਗ ਬਦਲਿਆਂ ਦਿਲ ਨਾ ਜਾਣ ਬਦਲੇ
ਲੀਡਰ ਖੇਡਦੇ ਸਦਾ ਹੀ ਚਾਲ ਆਏ।
ਜਾਨ ਦੇ ਕੇ ਭਰ ਜਵਾਨ ਉਮਰੇ
ਉਹਨੇ ਖਾਬ ਅਜ਼ਾਦੀ ਦਾ ਵੇਖਿਆ ਸੀ
ਉਹਦੇ ਦਿਲ ਦੀ ਆਸ ਨਾ ਹੋਈ ਪੂਰੀ
ਸਾਲ ਮਗਰੋਂ ਬੀਤਦੇ ਸਾਲ ਆਏ।

-ਸੰਗਤਾਰ

ਜਿਹਨੇ ਖੇਡ ਕੇ

ਜਿਹਨੇ ਖੇਡ ਕੇ ਗਲ਼ੀ ਵਿੱਚ ਵੇਖਿਆ ਨਾ
ਜਿਹਦੇ ਤਨ ਨੂੰ ਮਿੱਟੀ ਨਾ ਕਦੇ ਲੱਗੀ
ਹੱਥ ਫੜੀ ਨਾ ਕਦੇ ਗੁਲੇਲ ਹੋਵੇ
ਰੇੜ੍ਹੀ ਹੋਵੇ ਨਾ ਮਿੱਟੀ ਦੀ ਬਣੀ ਗੱਡੀ
ਰਗੜੀ ਅੰਬ ਦੀ ਕਦੇ ਨਾ ਗੁਠੀ ਹੋਵੇ
ਨੜਾ ਚੀਰ ਨਾ ਬੀਨ ਬਣਾ ਛੱਡੀ
ਮੁੰਜ ਬਗੜ ਸਰੁਹਾੜ ਕੀ ਖੜ ਕਾਹੀ
ਤੂੜੀ ਤੂੜ ਕੇ ਵੇਖੀ ਨਾ ਹੋਏ ਲੱਦੀ

ਠੋਹਲੇ ਅਤੇ ਭੜੋਲੇ ਨੇ ਕੀ ਹੁੰਦੇ
ਚਾਟੀ ਚੱਪਣੀ ਗਾਗਰ ਤੇ ਘੜਾ ਕੀ ਏ
ਭਾਬੀ ਸੱਸ ਤੇ ਨਣਦ ਦੀ ਕੀ ਟੱਕਰ
ਅਜੇ ਕੌਣ ਕੁਆਰਾ ਤੇ ਛੜਾ ਕੀ ਏ
ਸੱਥ ਕੀ ਤੇ ਕੀ ਪੰਚਾਇਤ ਹੁੰਦੀ
ਬੁੱਢਾ ਪਿੱਪਲ਼ ਤੇ ਪਿੰਡ ਦਾ ਥੜ੍ਹਾ ਕੀ ਏ
ਏਕੜ ਖੇਤ ਘੁਮਾ ਤੇ ਕੀ ਪੈਲ਼ੀ
ਮਰਲਾ ਕਰਮ ਕਨਾਲ਼ ‘ਚੋਂ ਬੜਾ ਕੀ ਏ

ਅਰਲ਼ੀ ਹਲ਼ਸ ਪੰਜਾਲ਼ੀ ਤੇ ਜੁੰਗਲ਼ੇ ਨੂੰ
ਭੁੱਲ਼ੀ ਜਾਂਦੇ ਨੇ ਲੋਕ ਬੇਲੋੜ ਕਹਿ ਕੇ
ਦੇਸੀ ਆਖਦੇ ਨੇ ਅਸਲੀ ਚੀਜ਼ ਤਾਂਈਂ
ਬਦਲੀ ਜਾਂਦੇ ਨੇ ਵਕਤ ਦਾ ਮੋੜ ਕਹਿ ਕੇ
ਉਂਞ ਠੀਕ ਵੀ ਵਕਤ ਦੇ ਨਾਲ਼ ਤੁਰਨਾ
ਪਰ ਭੁੱਲ ਨਾ ਜਾਇਓ ਜ਼ੁਬਾਨ ਆਪਣੀ
ਨਹੀਂ ਤਾਂ ਮਾਰੇਗੀ ਸ਼ਰਮ ਜਦ ਬੱਚਿਆਂ ਨੇ
ਜੱਫੀ ਪਾਈ ਸਫੈਦੇ ਨੂੰ ਬੋਹੜ ਕਹਿਕੇ

-ਸੰਗਤਾਰ

ਦਫ਼ਾ ਹੋ!

ਇੰਞ ਨਾ ਖ਼ਫ਼ਾ ਹੋ!
ਜਾਂ ਫਿਰ ਦਫ਼ਾ ਹੋ!

ਨਾਸੂਰ ਬਣ ਜਾ
ਅਹਿਲੇ-ਜ਼ਫ਼ਾ ਹੋ!

ਕੁਝ ਤੇ ਅਸਰ ਕਰ
ਘਟ ਜਾਂ ਨਫ਼ਾ ਹੋ!

ਜਾਂ ਮਜਨੂੰ ਬਣ ਜਾ
ਜਾਂ ਬੇ-ਵਫ਼ਾ ਹੋ!

ਕਾਲ਼ਖ ‘ਚ ਡੁੱਬਿਆ
ਚਿੱਟਾ ਸਫ਼ਾ ਹੋ!

-ਸੰਗਤਾਰ

ਮੌਜ ਮੇਲਾ ਮਸਤੀਆਂ

ਉੱਤੋਂ ਉੱਤੋਂ ਮੌਜ ਮੇਲਾ ਮਸਤੀਆਂ
ਸੀਨੇ ਅੰਦਰ ਤਲਖ਼ੀਆਂ ਹੀ ਤਲਖ਼ੀਆਂ

ਟਾਊਨਾਂ ਇਨਕਲੇਵਾਂ ਵਿੱਚ ਕੋਈ ਹੋਰ ਨੇ
ਸਾਡੇ ਪਿੰਡ ਮੁਹੱਲੇ ਨੱਗਰ ਬਸਤੀਆਂ

ਯਾਰਾਂ ਦਾ ਉਹ ਪੁਲ਼ ਬਣਾ ਕੇ ਤਰ ਗਿਆ
ਸਾਥੋਂ ਗਈਆਂ ਯਾਰੀਆਂ ਨਾ ਵਰਤੀਆਂ

ਖੱਟੀਆਂ ਜੋ ਇਸ਼ਕ ‘ਚੋਂ ਬਦਨਾਮੀਆਂ
ਸ਼ੋਹਰਤਾਂ ਦੀ ਮੰਡੀ ਦੇ ਵਿੱਚ ਖਰਚੀਆਂ

ਸ਼ੁਕਰ ਹੈ ਓਥੇ ਹੀ ਤੂੰ ਤੇ ਵੱਲ ਹੈਂ
ਤੈਨੂੰ ਲਿਖੀਆਂ ਚਿੱਠੀਆਂ ਨਾ ਪਰਤੀਆਂ

ਅਸੀਂ ਤਾਂ ਡਰਦੇ ਰਹੇ ਅਪਮਾਨ ਤੋਂ
ਅਣਜਾਣ ਸਾਂ ਕਿ ਇੱਜ਼ਤਾਂ ਨੇ ਸਸਤੀਆਂ

ਅੱਜ ਦੇ ਸਭ ਚੋਰ ਸਾਧੂ ਭਲ਼ਕ ਦੇ
ਵੇਖਿਓ ਹੁੰਦੀਆਂ ਕਿਵੇਂ ਨੇ ਭਗਤੀਆਂ

ਜਦ ਕਦੇ ਸੀ ਮਿਲ਼ਦਾ ਉਹ ਸੰਗਤਾਰ ਨੂੰ
ਮੰਗਦਾ ਸੀ ਸੌ ਦੀਆਂ ਕੁੱਝ ਪਰਚੀਆਂ

ਉਮਰ ਲਗਦੀ ਸੀ ਉਦੋਂ ਵੱਡਾ ਪਹਾੜ
ਹੁਣ ਚੇਤੇ ਆਉਂਦੀਆਂ ਨੇ ਗ਼ਲਤੀਆਂ

-ਸੰਗਤਾਰ

ਕਰਾਉਣਾ ਉਦੋਂ ਯਾਦ

ਜਦੋਂ ਹੰਝੂ ਡੁੱਲ੍ਹ ਗਏ, ਕਰਾਉਣਾ ਉਦੋਂ ਯਾਦ
ਜਦੋਂ ਯਾਦਾਂ ਭੁੱਲ ਗਏ, ਕਰਾਉਣਾ ਉਦੋਂ ਯਾਦ

ਅੱਖੀਆਂ ’ਚੋਂ ਰੰਗਲੀ ਗਵਾਚੀ ਜਦੋਂ ਪੀਂਘ
ਜਦੋਂ ਨ੍ਹੇਰੇ ਝੁੱਲ ਗਏ, ਕਰਾਉਣਾ ਉਦੋਂ ਯਾਦ

ਅਜੇ ਤਾਂ ਨ੍ਹੀਂ ਹੋਇਆ ਮਿਰਾ ਨਾਮ ਬਦਨਾਮ
ਜਦੋਂ ਕਿੱਸੇ ਖੁੱਲ ਗਏ, ਕਰਾਉਣਾ ਉਦੋਂ ਯਾਦ

ਦਿੱਤੇ ਸਾਡੇ ਬਾਗ ਸੀ ਬਹਾਰਾਂ ਕਿਵੇਂ ਸਾੜ
ਜਦੋਂ ਵੀ ਖਿੜ ਫੁੱਲ ਗਏ, ਕਰਾਉਣਾ ਉਦੋਂ ਯਾਦ

ਅਜੇ ਧਾਰੀ ਚੁੱਪ ਮੈਂ ਦਬਾਈ ਹੋਈ ਜੀਭ
ਜਦੋਂ ਵੀ ਖੁੱਲ ਬੁੱਲ੍ਹ ਗਏ, ਕਰਾਉਣਾ ਉਦੋਂ ਯਾਦ

ਜਦੋਂ ਵੀ ਤੂੰ ਯਾਦ ’ਚੋਂ ਮਿਟਾਤਾ ਮਿਰਾ ਨਾਮ
ਜਦੋਂ ਧੱਬੇ ਧੁੱਲ ਗਏ, ਕਰਾਉਣਾ ਉਦੋਂ ਯਾਦ।

-ਸੰਗਤਾਰ

ਬੌਰਾ ਜਿਹਾ ਇਨਸਾਨ

ਤੇਹ ਹੈ ਅਤੇ ਚਸ਼ਮਾਂ ਵੀ ਹੈ ਪਰ ਛਲ਼ ਕਿਤੇ ਵਿਦਮਾਨ ਹੈ
ਮਾਰੂਥਲਾਂ ਵਿੱਚ ਭਟਕਦਾ ਬੌਰਾ ਜਿਹਾ ਇਨਸਾਨ ਹੈ

ਤਨ ਦਾ ਜੇ ਸ਼ੀਸ਼ਾ ਸਾਫ਼ ਹੈ ਤਾਂ ਮੈਲ਼ ਰੂਹ ਦੀ ਮਾਫ਼ ਹੈ
ਅੱਜ ਦਾ ਇਹੀ ਇਨਸਾਫ਼ ਹੈ ਇਹ ਆਖਦਾ ਸੰਵਿਧਾਨ ਹੈ

ਡੁੱਬੀ ਲਹੂ ਵਿੱਚ ਤੇਗ ਨੂੰ ਫਸਲਾਂ ਤੇ ਚੋਂਦੇ ਮੇਘ ਨੂੰ
ਜਾਂ ਤੜਫਦੇ ਨੇ ਦੇਵਤੇ ਜਾਂ ਤਰਸਦਾ ਕਿਰਸਾਨ ਹੈ

ਮਨ ਵਿੱਚ ਕਪਟ ਦੇ ਖਾਲ਼ ਨੇ, ਸਾਬਤ ਮਗਰ ਸਿਰ ਵਾਲ਼ ਨੇ
ਤੇ ਲਟਕਦੀ ਖੁੰਢੀ ਜਿਹੀ ਰਸਮੀ ਜਿਹੀ ਕਿਰਪਾਨ ਹੈ

ਪੂਰੇ ਸਹੀ ਸਾਰੇ ਸ਼ਗਨ ਪਰ ਨਾ ਮਿਲ਼ੀ ਮਨ ਨੂੰ ਲਗਨ
ਏਸੇ ਲਈ ਰਹਿੰਦੇ ਮਗਨ ਕਿ ਜਾਨ ਹੀ ਧਨ ਮਾਨ ਹੈ

ਮੁੱਢ ਤੋਂ ਹੀ ਜਿਗਰੀ ਯਾਰ ਸਨ ਗੋਲ਼ੀ ਇੱਕੋ ਦੀ ਮਾਰ ਸਨ
ਪਰ ਜੱਟ ਤੇ ਚਮਿਆਰ ਸਨ ਵੱਖ ਇਸ ਲਈ ਸ਼ਮਸ਼ਾਨ ਹੈ

ਧਨ ਜੱਗ ਦਾ ਤਨ ਅੱਗ ਦਾ ਰੂਹ ਰੱਬ ਦੀ ਪਰ ਲੱਗਦਾ
ਫਿਰ ਵੀ ਅਜੇ ਤੱਕ ਸੁਲ਼ਗਦਾ ਮਨ ਵਿੱਚ ਇਹੋ ਅਰਮਾਨ ਹੈ

ਕਿ ਲਟਕਦੀ ਕਿਰਪਾਨ ਦੇ ਬੌਰੇ ਜਿਹੇ ਇਨਸਾਨ ਦੇ
ਕਿਰਸਾਨ ਦੇ ਸ਼ਮਸ਼ਾਨ ਦੇ ਮਨ ਵਿੱਚ ਅਮਨ-ਅਮਾਨ ਹੈ।

-ਸੰਗਤਾਰ

ਸੱਚ ਤੇ ਝੂਠ

ਹਰ ਪੱਖ ਨੂੰ ਸਾਬਤ ਕਰਨ ਲਈ
ਕੋਈ ਨਾ ਕੋਈ
ਦਲੀਲ ਲੱਭ ਹੀ ਆਉਂਦੀ ਏ

ਤੇ,

ਹਰ ਦਲੀਲ ਦੀ ਪੁਸ਼ਟੀ ਲਈ
ਕੋਈ ਨਾ ਕੋਈ
ਤਸ਼ਬੀਹ ਵੀ ਮਿਲ਼ ਹੀ ਜਾਂਦੀ ਹੈ

ਪਰ ਦਲੀਲਾਂ ਤੇ ਤਸ਼ਬੀਹਾਂ
ਨਾਲ਼ ਕੀ ਹੁੰਦਾ ਹੈ

ਸੱਚ ਤੇ ਸੱਚ ਹੀ ਰਹਿੰਦਾ ਹੈ

ਤੇ ਸੱਚ ਇਹ ਹੈ
ਕਿ ਝੂਠ ਕੁੱਝ ਨਹੀਂ।

-ਸੰਗਤਾਰ

ਕਾਵਿ-ਚੱਕਰ

ਕੋਰੇ ਸਫਿਆਂ ਉੱਤੇ ਲਾਹ ਕੇ
ਰੂਹ ਦੀ ਮੈਲ਼ ਖਿਲਾਰੀ
ਹਰ ਇੱਕ ਸੂਰਤ ਮੂਰਤ ਸ਼ੰਕਾ
ਅੱਖਰਾਂ ਵਿੱਚ ਉਤਾਰੀ

ਰਾਤ ਸਿਆਹੀ ਕਲਮ ਬੇਚੈਨੀ
ਖੰਭਾਂ ਬਿਨਾਂ ਉਡਾਰੀ
ਹੰਝੂ ਸੱਚੇ ਹੌਂਕੇ ਸੱਚੇ
ਸੱਚੀ ਕਵਿਤਾ ਕਿਆਰੀ

ਲੋਕੀਂ ਫਿਰ ਵੀ ਸ਼ੱਕ ਕਰਨ
ਇਹ ਲਗਦਾ ਨਹੀਂ ਲਿਖਾਰੀ
ਸ਼ਬਦਾਂ ਦਾ ਸ਼ਿਕਾਰੀ ਕੋਈ
ਲਫਜ਼ਾਂ ਦਾ ਵਿਉਪਾਰੀ

ਪਈ ਦੋਚਿੱਤੀ ਸ਼ਾਇਦ ਹੋਵੇ
ਠੀਕ ਹੀ ਦੁਨੀਆਂ ਸਾਰੀ
ਏਸ ਵਹਿਮ ਨੇ ਰੂਹ ਨੂੰ ਕੀਤਾ
ਮੈਲ਼ਾ ਕਿੰਨੀ ਵਾਰੀ

ਕੋਰੇ ਸਫਿਆਂ ਉੱਤੇ ਲਾਹ ਕੇ
ਰੂਹ ਦੀ ਮੈਲ਼ ਖਿਲਾਰੀ…

-ਸੰਗਤਾਰ

“ਪਛਤਾਵਾ” ਜਗਬਾਣੀ ਮੈਗਜ਼ੀਨ ਵਿੱਚ

ਜਨਵਰੀ 15, 2010 ਜਗਬਾਣੀ ਦੇ ਕਹਾਣੀ ਅਤੇ ਵਿਅੰਗ ਮੈਗਜ਼ੀਨ ਵਿੱਚ ਮੇਰੀ ਇੱਕ ਕਹਾਣੀ “ਪਛਤਾਵਾ” ਛਪੀ ਹੈ।
ਆਪ ਇਹ ਕਹਾਣੀ ਇੱਥੇ ਕਲਿੱਕ ਕਰਕੇ ਪੰਨਾ 2 ਅਤੇ ਪੰਨਾ 3 ਉੱਤੇ ਵੇਖ ਸਕਦੇ ਹੋ।

ਜਾਂ ਫਿਰ ਹੇਠ ਲਿਖੇ ਲਿੰਕਾਂ ‘ਤੇ ਜਾ ਕੇ ਪੜ੍ਹ ਸਕਦੇ ਹੋ:

ਪੰਨਾ 2 ਦੇ ਭਾਗ ਲਈ ਇੱਥੇ ਕਲਿੱਕ ਕਰੋ।

ਪੰਨਾ 3 ਦੇ ਭਾਗ ਲਈ ਇੱਥੇ ਕਲਿੱਕ ਕਰੋ।

ਜੇ ਉਪਰੋਕਤ ਜਗ੍ਹਾਵਾਂ ਉੱਤੇ ਕੋਈ ਮੁਸ਼ਕਿਲ ਆਵੇ ਤਾਂ ਪੂਰੀ ਦੀ ਪੂਰੀ ਕਹਾਣੀ ਦੇ ਪਰਿੰਟ ਨੂੰ ਇੱਥੇ ਪੜ੍ਹ ਸਕਦੇ ਹੋ:

“ਪਛਤਾਵਾ” ਪੰਨਾ 2 (image)

“ਪਛਤਾਵਾ” ਪੰਨਾ 3 (image)

ਜਾਂ ਫਿਰ ਇਸ ਕਹਾਣੀ ਨੂੰ text ਰੂਪ ਵਿੱਚ ਪੜ੍ਹਨ ਲਈ ਹੇਠ ਲਿਖੇ ਸਿਰਲੇਖ ਤੇ ਕਲਿੱਕ ਕਰੋ। ਧੰਨਵਾਦ।

ਪਛਤਾਵਾ