ਜਿਨ੍ਹਾਂ ਉੱਤੇ ਮਾਣ ਹੋਵੇ
ਓਹੀਓ ਮੁੱਖ ਮੋੜਦੇ ਨੇ
ਜਿਨ੍ਹਾਂ ਨਾਲ਼ ਸਾਂਝੇ ਸਾਹ
ਓਹੀਓ ਸਾਂਝ ਤੋੜਦੇ ਨੇ
Continue reading
Tag Archives: verse
ਖੋਟ ਸੋਨਾ
ਖੋਟ ਸੋਨਾ ਖ਼ੂਨ ਦੇ ਵਿੱਚ ਖੁਰ ਗਿਆ
ਤਾਲ ਮਨ ਚੋਂ ਗਲ਼ ਵਿੱਚੋਂ ਉਡ ਸੁਰ ਗਿਆ
ਇਸ਼ਕ ਦੀ ਮੰਜ਼ਿਲ ਅਧੂਰੀ ਰਹਿ ਗਈ
ਠਿੱਲਣੋਂ ਪਹਿਲਾਂ ਹੀ ਕੱਚਾ ਭੁਰ ਗਿਆ
ਤਾਨਸੈਨ ਦੀ ਕਬਰ ’ਤੇ
ਤਾਨਸੈਨ ਦੀ ਕਬਰ ’ਤੇ ਉੱਗੀ ਇਮਲੀ ਦੇ ਖਾ ਪੱਤੇ
ਲੇਲਾ ਇੱਕ ਜੁਗਾਲ਼ੀ ਕਰਦਾ ਸੋਚੇ ਰਾਗਾਂ ਬਾਰੇ
ਇਹ ਲੇਲਾ ਕਿ ਔਹ ਲੇਲਾ ਜਾਂ ਬੱਕਰੀ ਚਿੱਟੀ ਕਾਲ਼ੀ
ਭਲ਼ਕੇ ਈਦ ’ਤੇ ਕਿਸ ਦੀ ਵਾਰੀ ਮਾਲਿਕ ਬੈਠ ਵਿਚਾਰੇ
ਅੱਗ ਵਿੱਚ ਸੜ ਕੇ ਕੋਲਾ ਹੋ ਗਈ ਫਿਰ ਵੀ ਸ਼ਕਲ ਸਬੂਤੀ Continue reading
ਰੁਸ਼ਨਾਉਣੇ ਪੈਂਦੇ ਨੇ
ਨ੍ਹੇਰੇ ਦੇ ਵਿੱਚ ਸਾਹ ਰੁਸ਼ਨਾਉਣੇ ਪੈਂਦੇ ਨੇ
ਖੁਦ ਜਲ਼ ਜਲ਼ ਕੇ ਰਾਹ ਰੁਸ਼ਨਾਉਣੇ ਪੈਂਦੇ ਨੇ
ਕੋਈ ਤੀਲੀ ਸੀਨੇ ਵਿੱਚ ਜਾ ਸਕਦੀ ਨਾ
ਦਿਲ ਦੇ ਦੀਵੇ ਗਾ ਰੁਸ਼ਨਾਉਣੇ ਪੈਂਦੇ ਨੇ
ਨਹੀਂ ਤਾਂ ਏਥੇ ਸਤਯੁਗ ਹੀ ਆ ਜਾਵੇਗਾ
ਅੱਗ ਵਿੱਚ ਸੁੱਟ ਗਵਾਹ ਰੁਸ਼ਨਾਉਣੇ ਪੈਂਦੇ ਨੇ
ਸੱਚ ਤਾਂ ਰੌਸ਼ਨ ਹੁੰਦਾ ਏ ਬਸ ਸੱਚਿਆਂ ਲਈ
ਝੂਠੇ ਬਿਨ ਮਨਸ਼ਾ ਰੁਸ਼ਨਾਉਣੇ ਪੈਂਦੇ ਨੇ
ਨ੍ਹੇਰੀ ਜ਼ਿੰਦਗੀ ਵਿੱਚ ਤੇਰਾ ਰਾਹ ਵੇਖਣ ਨੂੰ
ਸਾਨੂੰ ਅਪਣੇ ਚਾਅ ਰੁਸ਼ਨਾਉਣੇ ਪੈਂਦੇ ਨੇ
ਚਾਹੁੰਦੇ ਨਹੀਂ ਪਰ ਵਿੱਚ ਵਿੱਚ ਟੁਕੜੇ ਯਾਦਾਂ ਦੇ
ਦਮ ਰੱਖਣ ਲਈ ਤਾਅ ਰੁਸ਼ਨਾਉਣੇ ਪੈਂਦੇ ਨੇ।
-ਸੰਗਤਾਰ
ਵਾਪਿਸੀ
ਇੰਗਲੈਂਡ ਦਾ ਟੂਰ ਪੂਰਾ ਕਰ ਕੇ ਵਾਪਿਸ ਆ ਚੁੱਕਾ ਹਾਂ। ਸਾਰੇ ਹੀ ਪੰਜਾਬੀਆਂ ਵਲੋਂ ਬਹੁਤ ਹੀ ਜ਼ਿਆਦਾ ਪਿਆਰ ਮਿਲਿਆ। ਸਾਰੇ ਹੀ ਸ਼ੋਅ ਬਹੁਤ ਹੀ ਵਧੀਆ ਗਏ।
ਇਸ ਅਰਸੇ ਦੇ ਵਿੱਚ ਦੋਵੇਂ ਹੀ ਬਲਾਗਾਂ (ਸੰਗੀਤ ਤੇ ਕਵਿਤਾ) ਅਣਗੌਲੀਆਂ ਰਹਿ ਗਈਆਂ। ਪਿਛਲੇ ਮਹੀਨੇ ਵਿੱਚ ਮੈਂ ਕਈ ਕੁੱਝ ਨਵਾਂ ਲਿਖਿਆ ਹੈ। ਸਿਰਫ ਇੱਕ ਦੋ ਦਿਨ ਵਿੱਚ ਹੀ ਉਹ ਸਭ ਟਾਈਪ ਕਰਕੇ ਨਵੀਆਂ ਕਵਿਤਾਵਾਂ ਤੇ ਗਜ਼ਲਾਂ ਪੋਸਟ ਕਰਾਂਗਾ।
ਧੰਨਵਾਦ
ਰੁੱਖਾਂ ਨੇ…
ਰੁੱਖਾਂ ਨੇ ਇੱਕ ਬਾਤ ਸੁਣਾਈ ਬੰਦੇ ਨੂੰ
’ਵਾ ਦੀ ਸ਼ੂਕਰ ਸਮਝ ਨਾ ਆਈ ਬੰਦੇ ਨੂੰ
ਕਿੰਨੀ ਵਾਰੀ ਬੰਦੇ ਕੋਲ਼ੋਂ ਪੜ੍ਹ ਪੜ੍ਹ ਕੇ
ਬੰਦਿਆਂ ਸਿੱਖਿਆ ਹੋਰ ਪੜ੍ਹਾਈ ਬੰਦੇ ਨੂੰ
ਕਰ ਕਰ ਖੋਜਾਂ ਅਕਲ ਵਧਾਈ ਜਾਂਦਾ ਏ
ਕੀਤਾ ਅਕਲ ਦੀ ਖੋਜ ਸ਼ੁਦਾਈ ਬੰਦੇ ਨੂੰ
ਪਰਖ ਰਿਹਾ ਸਤ ਪੱਤੇ ਫਲ਼ ਤੇ ਫੁੱਲਾਂ ਦੇ
ਰੁੱਖ ਬਣਾਈ ਜ਼ਹਿਰ ਦੁਆਈ ਬੰਦੇ ਨੂੰ
ਜਾਂ ਲੁੱਟੂ ਜਾਂ ਮਾਰੂ ਜਾਂ ਪਰਸ਼ਾਨ ਕਰੂ
ਕਿੰਨੀ ਮੁਸ਼ਕਿਲ ਬੰਦੇ ਪਾਈ ਬੰਦੇ ਨੂੰ
ਭਰਮ ਭੁਲੇਖੇ ਕੱਢਣ ਖਾਤਿਰ ਬੰਦਿਆਂ ਨੇ
ਰੱਬ ਦੇ ਨਾਂ ਦੀ ਰੱਟ ਲਗਵਾਈ ਬੰਦੇ ਨੂੰ।
-ਸੰਗਤਾਰ
ਵਿਸਾਖੀ
ਫਿਰਦੇ ਨੇ
ਆਪ ਕਟਾ ਕੇ ਵਾਲ਼ ਬਲੀਚ ਕਰਾਉਣ ਨੂੰ ਫਿਰਦੇ ਨੇ
‘ਕਲਚਰ ਬਚ ਜਏ’ ਕੁੜੀ ਦੀ ਜੀਨ ਲਹਾਉਣ ਨੂੰ ਫਿਰਦੇ ਨੇ
ਸ਼ੌਂਕੀ ਸਾਹਿਤ ਦਾ ਤਾਂ ਇੱਥੇ ਲੱਭਿਆਂ ਮਿਲ਼ਦਾ ਨਹੀਂ
ਪਰ ਮੋੜਾਂ ਤੇ ਮੀਲ ਪੱਥਰ ਲਗਵਾਉਣ ਨੂੰ ਫਿਰਦੇ ਨੇ
ਕਈ ਵਾਰੀ ਦਿਲ ਏਨਾ ਦੁਖੇ ਕਿ ਹਾਲਤ ਪੁੱਛੋ ਨਾ
‘ਪੰਜਾਬੀ’ ਜੱਜੇ ਪੈਰ ‘ਚ ਬਿੰਦੀ ਪਾਉਣ ਨੂੰ ਫਿਰਦੇ ਨੇ
ਸਾਂਝੀ ਬੋਲੀ ਸਾਂਝੀ ਧਰਤੀ ਸਾਂਝੇ ਪਾਣੀ ਤੇ
ਧਰਮ ਦੀ ਕੂਚੀ ਲੈ ਕੇ ਲੀਕਾਂ ਵਾਹੁਣ ਨੂੰ ਫਿਰਦੇ ਨੇ
ਸੂਝਵਾਨ ਤਾਂ ਡਰਦੇ ਹੀ ਇਸ ਵੱਡੇ ਟੋਲੇ ਤੋਂ
ਪੇਪਰ ਤੁੰਨ ਝੋਲ਼ੇ ਵਿੱਚ ਜਾਨ ਬਚਾਉਣ ਨੂੰ ਫਿਰਦੇ ਨੇ
ਗੀਤਾਂ, ਗਜ਼ਲਾਂ ਗਲਪ ਬਿਨਾ ਕੀ ਬਚੂ ਪੰਜਾਬੀ ਦਾ
ਪਤਾ ਨਹੀਂ, ਪਰ ਇਸ ਤੇ ਮਰਨ ਮਰਾਉਣ ਨੂੰ ਫਿਰਦੇ ਨੇ
-ਸੰਗਤਾਰ
ਹਰ ਫੁੱਲ ਦੀਆਂ ਸੁਗੰਧੀਆਂ
ਹਰ ਫੁੱਲ ਦੀਆਂ ਸੁਗੰਧੀਆਂ ਮਨ ਨੂੰ ਭਾਉਂਦੀਆਂ ਨਹੀਂ
ਸਭ ਸੱਜਣਾਂ ਦੀਆਂ ਸੰਗਤਾਂ ਸਦਾ ਸੁਹਾਂਦੀਆਂ ਨਹੀਂ
ਉੱਡ ਉੱਡ ਦਿਲ ਦੇ ਟੁਕੜੇ ਜਾਣ ਤਾਂ ਕਈ ਪਾਸੇ
ਹਰ ਪਾਸੇ ਤੋਂ ਠੰਡੀਆਂ ‘ਵਾਵਾਂ ਆਉਂਦੀਆਂ ਨਹੀਂ
ਕਿੰਨੇ ਜਲਣ ਪਤੰਗੇ ਸੜ ਕੇ ਲਾਟਾਂ ਤੇ
ਕੀ ਮਾਵਾਂ ਤੋਰਨ ਵੇਲੇ ਕੁਛ ਸਮਝਾਉਂਦੀਆਂ ਨਹੀਂ
ਲਿਖ ਲੈ ਉੱਠ ਕੇ ਇੱਕ ਦੋ ਗੀਤ ਮੁਹੱਬਤ ਦੇ
ਕਾਲ਼ੀਆਂ ਏਦਾਂ ਰੋਜ਼ ਘਟਾਵਾਂ ਛਾਉਂਦੀਆਂ ਨਹੀਂ
ਉੱਠਦਿਆਂ ਸਾਰ ਹੀ ਸੁਪਨੇ ਦੀ ਖ਼ੁਸ਼ਬੋ ਮਰ ਗਈ
ਸੌਂਦੀਆਂ ਜਦੋਂ ਬਹਾਰਾਂ ਨੀਂਦਾਂ ਆਉਂਦੀਆਂ ਨਹੀਂ
-ਸੰਗਤਾਰ
ਡਾ. ਜਗਤਾਰ ਨਹੀਂ ਰਹੇ
ਪੰਜਾਬੀ ਸਾਹਿਤ ਨੂੰ ਮੋਹ ਕਰਨ ਵਾਲਿਆਂ ਲਈ ਬੜੇ ਦੁੱਖ ਵਾਲੀ ਖਬਰ ਹੈ ਕਿ ਪੰਜਾਬੀ ਸ਼ਾਇਰ, ਸਾਹਿਤਕਾਰ, ਅਲੋਚਕ ਅਤੇ ਖੋਜੀ ਡਾ. ਜਗਤਾਰ ਕੱਲ ਦਮੇ ਤੇ ਸ਼ੂਗਰ ਦੀ ਬਿਮਾਰੀ ਨਾਲ਼ ਜੂਝਦੇ ਹੋਏ ਦਮ ਤੋੜ ਗਏ। ਮੈਂ ਹਾਲੇ ਇੱਕ ਮਹਿਨਾ ਪਹਿਲਾਂ ਹੀ ਉਹਨਾਂ ਨੂੰ ਮਿਲ਼ ਕੇ ਆਇਆ ਹਾਂ। ਉਹਨਾਂ ਦੇ ਸ਼ੇਅਰ ਅਤੇ ਉਹਨਾਂ ਦਾ ਸੰਗਠਤ ਕੀਤਾ ਹੋਇਆ ਪੰਜਾਬੀ ਸੂਫੀ ਕਾਵਿ ਸਦੀਆਂ ਤੱਕ ਪੰਜਾਬੀਆਂ ਦੇ ਮਨ ਵਿੱਚ ਗੂੰਜਦੇ ਰਹਿਣਗੇ । ਇੱਥੇ ਉਹਨਾਂ ਦੀ ਇੱਕ ਗ਼ਜ਼ਲ ਦੇ ਕੁੱਝ ਸ਼ੇਅਰ ਦਰਜ ਕਰ ਰਿਹਾਂ ਹਾਂ:
ਮੈਂ ਕਿਤੇ ਰੁਕਣਾ ਨਹੀਂ, ਛਾਵਾਂ ਸਰਾਵਾਂ ਵਿੱਚ ਕਦੇ
ਹਮਸਫਰ ਰਸਤੇ ‘ਚ ਕੋਈ ਰਹਿ ਲਵੇ ਤਾਂ ਰਹਿ ਲਵੇ
ਮੈਂ ਕਰਾਂਗਾ ਸਭ ਨਬੇੜੇ ਬੈਠ ਕੇ ਸੂਰਜ ਦੇ ਨਾਲ਼
ਛਾਂ ਤੇਰੀ ਦੀਵਾਰ ਦੀ ਕੁੱਝ ਹੋਰ ਥੱਲੇ ਲਹਿ ਲਵੇ
ਮੇਰਾ ਦਿਲ ਦਰਿਆ ਹੈ, ਫੱਲਾਂ ਦੇ ਨਾ ਮੌਸਮ ਤੋਂ ਡਰੇ
ਮੇਰੇ ਘਰ ਅੰਦਰ ਖਿਜ਼ਾਂ ਬੇਖੌਫ ਹੋ ਕੇ ਰਹਿ ਲਵੇ
-ਡਾ. ਜਗਤਾਰ