ਨਹੀਂ ਮੁੜਦੇ

0911-bird

ਜਿਨ੍ਹਾਂ ਲੇਖ ਲਿਖਾ ਲਏ ਮਾੜੇ
ਲਿਖਿਓ ਨਹੀਂ ਮੁੜਕੇ ਮੁੜਦੇ
ਜਦ ਮੌਤ ਮੁਕਾ ਲਏ ਸੌਦਾ
ਵਿਕਿਓ ਨਹੀਂ ਮੁੜਕੇ ਮੁੜਦੇ

ਇੱਕ ਦੋ ਦਿਨ ਸਫਰ ਤਿਆਰੀ
ਇੱਕ ਦੋ ਦਿਨ ਸਫਰ ਸਵਾਰੀ
ਜਿਹੜੇ ਜਾ ਬੈਠੇ ਪਰਦੇਸੀਂ
ਟਿਕਿਓ  ਨਹੀਂ ਮੁੜਕੇ ਮੁੜਦੇ

ਇੱਕ ਦੋ ਦਿਨ ਜਾਨ ਜਵਾਨੀ
ਇੱਕ ਦੋ ਦਿਨ ਹੋਰ ਨਿਸ਼ਾਨੀ
ਜਦ ਸਮਾਂ ਮਿਟਾ ਦਏ ਪੈੜਾਂ
ਮਿਟਿਓ ਨਹੀਂ ਮੁੜਕੇ ਮੁੜਦੇ

-ਸੰਗਤਾਰ

ਹਨ੍ਹੇਰੇ ਵਿੱਚ

ਜਦ ਵੀ ਤੇਰੀ ਆਵਾਜ਼
ਸੁਣਦੀ ਹੈ,
ਰਾਤ ਦੇ ਹਨ੍ਹੇਰੇ ਵਿੱਚ

ਮੈਂ ਅੱਖਾਂ ਬੰਦ ਕਰਕੇ
ਵੇਖਦਾ ਹਾਂ

ਬੀਤੇ ਦਿਨ ਦੀ
ਲਾਸ਼ ਤੇ ਰੋਂਦਾ
ਇੱਕ ਬੁਝਿਆ ਹੋਇਆ ਸੂਰਜ।

-ਸੰਗਤਾਰ

ਇੱਕ ਦੋ ਲਫਜ਼

ਇੱਕ ਦੋ ਲਫ਼ਜ਼ ਤੇਰੇ ਲਈ
ਇੱਕ ਦੋ ਲਫ਼ਜ਼ ਮੇਰੇ ਲਈ
ਬਾਕੀ ਕਿਸੇ ਦੇ ਨਾਮ
ਫਿਰ ਵੀ ਅਸੀਂ ਬਦਨਾਮ

ਨਾ ਸੂਰਜਾਂ ਮੂਹਰੇ ਖੜ੍ਹੇ
ਨਾ ਤਾਰਿਆਂ ਦੇ ਹੱਥ ਫੜੇ
ਆਪੇ ਪਈ ਹੈ ਸ਼ਾਮ
ਫਿਰ ਵੀ ਅਸੀਂ ਬਦਨਾਮ

ਰੌਲ਼ੇ ਅਸਾਂ ਪਾਏ ਨਹੀਂ
ਤੱਕ ਕੰਨ ਪੜਵਾਏ ਨਹੀਂ
ਭੇਜੇ ਨਹੀਂ ਪੈਗ਼ਾਮ
ਫਿਰ ਵੀ ਅਸੀਂ ਬਦਨਾਮ

ਦੀਦੇ ਗੁਆ ਕੇ ਆਪਣੇ
ਅੱਥਰੂ ਕਸ਼ੀਦੇ ਪਾਪਣੇ
ਪੀਤਾ ਨਹੀਂ ਏ ਜਾਮ
ਫਿਰ ਵੀ ਅਸੀਂ ਬਦਨਾਮ

ਹੌਂਕੇ ਦੀ ਸੂਲ਼ੀ ਚੜ੍ਹਨ ਦਾ
ਤੇ ਚੁੱਪ ਚੁਪੀਤੇ ਮਰਨ ਦਾ
ਮਿਲ਼ ਵੀ ਗਿਆ ਈਨਾਮ
ਫਿਰ ਵੀ ਅਸੀਂ ਬਦਨਾਮ

ਬੁੱਕਲ਼ ਸਬਰ ਦੀ ਮਾਰ ਕੇ
ਸਭ ਕੁਝ ਲੁਟਾ ਹੱਥ ਝਾੜਕੇ
ਮੰਗਦੇ ਸਿਰਫ ਆਰਾਮ
ਫਿਰ ਵੀ ਅਸੀਂ ਬਦਨਾਮ।

-ਸੰਗਤਾਰ

ਫਿਤਰਤ

0911-parvana

ਉਸਦਾ ਇਰਾਦਾ ਤਾਂ
ਮਹਿਬੂਬ ਦੇ ਤਨ ਨੂੰ
ਸਿਉਂਕ ਬਣ ਕੇ ਖਾਣ ਦਾ ਸੀ

ਪਰ ਝੱਲੀ ਦੀ
ਪਾਕ ਮੁਹੱਬਤ ਨੇ ਪਲ਼ੋਸ ਕੇ
ਉਸਨੂੰ ਪਰਵਾਨਾ ਬਣਾ ਦਿੱਤਾ

ਫਿਰ ਵੀ
ਉਹ ਨਾ-ਸ਼ੁਕਰਾ ਉੱਡ ਗਿਆ

ਕਿਸੇ ਪਰਾਈ ਲਾਟ ਤੇ
ਜਲ਼ ਕੇ ਅਮਰ ਹੋਣ ਲਈ।

-ਸੰਗਤਾਰ

ਸੋਚ

0911-burnt-forest

ਸੋਚ ਸਮਝ ਹਿਸਾਬ ‘ਚੋਂ
ਤੇਰੀ ਧਰਮ  ਕਿਤਾਬ ‘ਚੋਂ

ਲੱਭਿਆ ਤਾਂ ਇਹ ਕੁਝ ਲੱਭਿਆ
ਲੱਗਿਆ ਕੁਛ ਏਦਾਂ ਲੱਗਿਆ

ਕਿ ਰੱਬ ਨਾਲ਼ ਰੁੱਸਿਆਂ ਵੈਰ ਨਾ!
ਧਰਮਾਂ ਨਾਲ਼ ਰੁੱਸਿਆਂ ਖ਼ੈਰ ਨਾ!

-ਸੰਗਤਾਰ

ਏਦਾਂ ਨਾ ਜ਼ਖ਼ਮ ਭਰਨੇ

ਏਦਾਂ ਨਾ ਜ਼ਖ਼ਮ ਭਰਨੇ ਏਦਾਂ ਨਾ ਵਕਤ ਸਰਨਾ
ਗੱਲ ਕੀ ਭਲਾ ਇਹ ਹੋਈ ਗੱਲ ਹੀ ਨਾ ਕੋਈ ਕਰਨਾ

ਕੋਈ ਤਾਂ ਢੂੰਢ ਦਿੰਦੇ ਦੁਨੀਆਂ ’ਚ ਓਸ ਵਰਗਾ
ਦਿਲ ਨੂੰ ਲਗਾ ਕੇ ਏਦਾਂ ਕਾਹਨੂੰ ਭਲਾ ਸੀ ਮਰਨਾ

ਟਕਰਾ ਜੇ ਮੁੱਕ ਜਾਵੇ ਦਰਿਆ ਹੀ ਸੁੱਕ ਜਾਵੇ
ਵਗਣੇ ਨੇ ਮਸਤ ਪਾਣੀ ਕੰਢਿਆਂ ਨੇ ਇੰਞ ਖਰਨਾ

ਜਿੰਨਾ ਕੁ ਦਰਦ ਦਿਸਿਆ ਜਿੰਨੇ ਕੁ ਬੋਲ ਬੋਲੇ
ਲਿਖਿਆ ਅਗਰ ਉਹੀ ਤਾਂ ਫਿਰ ਕਿਸ ਨੇ ਤਰਸ ਕਰਨਾ

ਜਦ ਰੁੱਖ ਮੌਲ਼ਦੇ ਨੇ ਵਿਰਲੇ ਹੀ ਗੌਲ਼ਦੇ ਨੇ
ਸ਼ੇਅਰਾਂ ਨੂੰ ਪੜ੍ਹ ਕੇ ਸੋਚੋ ਮਨ ਕੀ ਕਿਸੇ ਦਾ ਭਰਨਾ।

-ਸੰਗਤਾਰ

ਅੱਗ ਤੇ ਧੂੰਆਂ

0911-smoke

ਇੱਛਰਾਂ ਨੂੰ ਬੰਨ੍ਹ ਰੱਖਣਾ ਏ ਮਜਬੂਰੀਆਂ
ਪੂਰਨਾਂ ਨੇ ਜਾਈ ਜਾਣਾ ਦੂਰ ਪਾ ਕੇ ਦੂਰੀਆਂ

ਇੱਕੋ ਗੱਲ ਸਮਝ ਨਾ ਆਈ ਸਾਰੇ ਜੱਗ ਨੂੰ
ਉੱਡ ਜਾਂਦਾ ਧੂੰਆਂ ਕਾਹਤੋਂ ਉੱਚਾ ਛੱਡ ਅੱਗ ਨੂੰ

-ਸੰਗਤਾਰ

ਮਿੱਟੀ ਦਾ ਪਿਆਰ

0911-sinking-ship

ਮੇਰੇ ਨਾਲ਼ ਦੇ ਸਭ ਘਸੀਟੇ ਗਏ, ਮੈਨੂੰ ਵੀ ਸਜ਼ਾ ਸੁਣਾਵਣਗੇ
ਮਿੱਟੀ ਵਿੱਚ ਰਾਖ਼ ਰੁਲ਼ਾ ਸਾਡੀ, ਮਿੱਟੀ ਦਾ ਪਿਆਰ ਸਿਖਾਵਣਗੇ

ਉਹ ਲੋਕ ਜੋ ਲੱਭਦੇ ਫਿਰਦੇ ਨੇ ਟੁੱਟੇ ਹੋਏ ਟੁਕੜੇ ਤਾਰਿਆਂ ਦੇ
ਮੈਨੂੰ ਪਤਾ ਹੈ ਰਾਤੀਂ ਝੋਲ਼ੇ ਵਿੱਚ ਕੁੱਝ ਪੱਥਰ ਲੈ ਘਰ ਜਾਵਣਗੇ

 ਜੁਗਨੂੰ ਨੂੰ ਕੱਟ ਕੇ ਲੱਭ ਸਕਦੈ ਕੋਈ ਖੋਜੀ ਕਾਰਣ ਜਗਣੇ ਦਾ
ਪਰ ਤੜਪ ਇਕੱਠੇ ਚਮਕਣ ਦੀ ਦਾ ਭੇਦ ਕਵੀ ਹੀ ਪਾਵਣਗੇ

ਜਿਨ੍ਹਾਂ ਸੌਦਾ ਵੇਚ ਕੇ ਸੌਂ ਜਾਣਾ ਉਨ੍ਹਾਂ ਨੂੰ ਸਮਝ ਇਹ ਨਹੀਂ ਆਉਣਾ
ਕਿੰਜ ਰੁੱਖਾਂ ਰੋਣਾ ਉਸ ਵੇਲ਼ੇ ਜਦ ਅੰਬਰੀਂ ਬੱਦਲ਼ ਛਾਵਣਗੇ

ਜਿੰਨਾ ਕੋਈ ਦਿਲ ਦਾ ਸੌੜਾ ਏ ਬਣੇ ਉੱਨਾ ਦੇਸ਼ ਭਗਤ ਜ਼ਿਆਦਾ
ਨਫ਼ਰਤ ਦੀ ਭਰ ਕੇ ਪਿਚਕਾਰੀ ਰੈਲੀ ਵਿੱਚ ਰੰਗ ਵਿਖਾਵਣਗੇ

ਗੱਲ ਮਾਨਵਤਾ ਦੀ ਕਰਦੇ ਜੋ ਧਰਮਾਂ ਦੇ ਪਿੱਠੂ ਬਣਦੇ ਨਹੀਂ
ਜੋ ਸਿਜਦਾ ਸੱਚ ਨੂੰ ਕਰਦੇ ਨੇ ਪੁੱਠੇ ਉਹ ਸਭ ਲਟਕਾਵਣਗੇ

ਜਿਨ੍ਹਾਂ ਊੜਾ ਐੜਾ ਸਿੱਖਿਆ ਨਹੀਂ ਕੁੱਝ ਪੜ੍ਹਿਆ ਨਹੀਂ ਕੁੱਝ ਲਿਖਿਆ ਨਹੀਂ
ਜਿਹੜੇ ਦੁਸ਼ਮਣ ਬਾਕੀ ਬੋਲੀਆਂ ਦੇ ਉਹ ਆਪਣੀ ਕਿੰਞ ਬਚਾਵਣਗੇ

ਮੈਂ ਸੱਭਿਆਚਾਰ ਤੇ ਵਿਰਸੇ ਦੀ ਸੌ ਮੰਡੀ ਲੱਗਦੀ ਵੇਖੀ ਏ
ਨਿੱਤ ਦੀ ਬੇਸ਼ਰਮ ਨਿਲਾਮੀ ਤੋਂ ਇੱਕ ਦੋ ਕੀ ਦੇਸ਼ ਬਚਾਵਣਗੇ

ਤੂੰ ਘੱਟ ਕੀਤਾ, ਮੈਂ ਵੱਧ ਕੀਤਾ, ਤੂੰ ਦੋਸ਼ੀ ਏਂ, ਮੈਂ ਸਾਦਿਕ ਹਾਂ
ਡੁੱਬਦੇ ਸੰਗਤਾਰ ਜਹਾਜ਼ ਉੱਤੇ ਇੰਜ ਲੜਦੇ ਸਭ ਮਰ ਜਾਵਣਗੇ

ਮੇਰੇ ਨਾਲ਼ ਦੇ ਸਭ ਘਸੀਟੇ ਗਏ, ਮੈਨੂੰ ਵੀ ਸਜ਼ਾ ਸੁਣਾਵਣਗੇ
ਮਿੱਟੀ ਵਿੱਚ ਰਾਖ਼ ਰੁਲ਼ਾ ਸਾਡੀ, ਮਿੱਟੀ ਦਾ ਪਿਆਰ ਸਿਖਾਵਣਗੇ

-ਸੰਗਤਾਰ

ਗੰਦਾ ਲਹੂ

face

ਹੌਲ਼ੀ ਹੌਲ਼ੀ
ਸਾਰਿਆਂ ਦੀ ਰੂਹ ਤੇ
ਉੱਗ ਆਉਂਦੇ ਨੇ

ਜ਼ਖਮ ਲਾਰਿਆਂ ਦੇ
ਫੋੜੇ ਉਡੀਕਾਂ ਦੇ
ਛਾਲੇ ਵਿਸ਼ਵਾਸ਼ਘਾਤਾਂ ਦੇ

ਇਨ੍ਹਾਂ ਵਿੱਚੋਂ
ਹੌਂਕਿਆਂ ਤੇ ਗਾਲ਼ਾਂ ਦਾ
ਰਿਸਦਾ ਗੰਦਾ ਲਹੂ
ਹੋਰ ਕਿਸੇ ਕੰਮ ਨਹੀਂ ਆਉਂਦਾ

ਇਹ ਸਿਰਫ
ਜ਼ਿੰਦਗੀ ਦੇ ਹੁਸੀਨ
ਕੀਮਤੀ ਪਲਾਂ ਵਿੱਚ
ਕਾਲ਼ਖ ਭਰਨ ਦੇ ਕੰਮ ਆਉਂਦਾ ਹੈ

ਤੇ ਕਵੀ,

ਇਸ ਕਾਲ਼ਖ ਨਾਲ਼
ਸਫਿਆਂ ਤੇ
ਫੁੱਲ ਪੱਤੀਆਂ ਬਣਾਉਂਦਾ ਹੈ

-ਸੰਗਤਾਰ

ਕੱਚੇ ਘੜੇ

sohni_mahiwal

ਸਾਡੀ ਕੱਚੀ ਜਿਹੀ ਉਮਰ, ਸਾਡੇ ਕੱਚੇ ਕੱਚੇ ਬੋਲ
ਬਿਨਾਂ ਅੱਥਰੀ ਜਵਾਨੀ, ਕੁਝ ਨਹੀਂਓਂ ਸਾਡੇ ਕੋਲ

ਬਿਨਾਂ ਝਿਜਕ ਝਨਾਂ ਦੇ ਕੰਢੇ ਤੁਰ ਜਾਵਾਂਗੇ
ਕਿਸੇ ਸੋਹਣੀ ਨੂੰ ਡੁਬੋ ਕੇ ਆਪ ਖੁਰ ਜਾਵਾਂਗੇ

-ਸੰਗਤਾਰ