ਕਰਾਉਣਾ ਉਦੋਂ ਯਾਦ

ਜਦੋਂ ਹੰਝੂ ਡੁੱਲ੍ਹ ਗਏ, ਕਰਾਉਣਾ ਉਦੋਂ ਯਾਦ
ਜਦੋਂ ਯਾਦਾਂ ਭੁੱਲ ਗਏ, ਕਰਾਉਣਾ ਉਦੋਂ ਯਾਦ

ਅੱਖੀਆਂ ’ਚੋਂ ਰੰਗਲੀ ਗਵਾਚੀ ਜਦੋਂ ਪੀਂਘ
ਜਦੋਂ ਨ੍ਹੇਰੇ ਝੁੱਲ ਗਏ, ਕਰਾਉਣਾ ਉਦੋਂ ਯਾਦ

ਅਜੇ ਤਾਂ ਨ੍ਹੀਂ ਹੋਇਆ ਮਿਰਾ ਨਾਮ ਬਦਨਾਮ
ਜਦੋਂ ਕਿੱਸੇ ਖੁੱਲ ਗਏ, ਕਰਾਉਣਾ ਉਦੋਂ ਯਾਦ

ਦਿੱਤੇ ਸਾਡੇ ਬਾਗ ਸੀ ਬਹਾਰਾਂ ਕਿਵੇਂ ਸਾੜ
ਜਦੋਂ ਵੀ ਖਿੜ ਫੁੱਲ ਗਏ, ਕਰਾਉਣਾ ਉਦੋਂ ਯਾਦ

ਅਜੇ ਧਾਰੀ ਚੁੱਪ ਮੈਂ ਦਬਾਈ ਹੋਈ ਜੀਭ
ਜਦੋਂ ਵੀ ਖੁੱਲ ਬੁੱਲ੍ਹ ਗਏ, ਕਰਾਉਣਾ ਉਦੋਂ ਯਾਦ

ਜਦੋਂ ਵੀ ਤੂੰ ਯਾਦ ’ਚੋਂ ਮਿਟਾਤਾ ਮਿਰਾ ਨਾਮ
ਜਦੋਂ ਧੱਬੇ ਧੁੱਲ ਗਏ, ਕਰਾਉਣਾ ਉਦੋਂ ਯਾਦ।

-ਸੰਗਤਾਰ

ਬੌਰਾ ਜਿਹਾ ਇਨਸਾਨ

ਤੇਹ ਹੈ ਅਤੇ ਚਸ਼ਮਾਂ ਵੀ ਹੈ ਪਰ ਛਲ਼ ਕਿਤੇ ਵਿਦਮਾਨ ਹੈ
ਮਾਰੂਥਲਾਂ ਵਿੱਚ ਭਟਕਦਾ ਬੌਰਾ ਜਿਹਾ ਇਨਸਾਨ ਹੈ

ਤਨ ਦਾ ਜੇ ਸ਼ੀਸ਼ਾ ਸਾਫ਼ ਹੈ ਤਾਂ ਮੈਲ਼ ਰੂਹ ਦੀ ਮਾਫ਼ ਹੈ
ਅੱਜ ਦਾ ਇਹੀ ਇਨਸਾਫ਼ ਹੈ ਇਹ ਆਖਦਾ ਸੰਵਿਧਾਨ ਹੈ

ਡੁੱਬੀ ਲਹੂ ਵਿੱਚ ਤੇਗ ਨੂੰ ਫਸਲਾਂ ਤੇ ਚੋਂਦੇ ਮੇਘ ਨੂੰ
ਜਾਂ ਤੜਫਦੇ ਨੇ ਦੇਵਤੇ ਜਾਂ ਤਰਸਦਾ ਕਿਰਸਾਨ ਹੈ

ਮਨ ਵਿੱਚ ਕਪਟ ਦੇ ਖਾਲ਼ ਨੇ, ਸਾਬਤ ਮਗਰ ਸਿਰ ਵਾਲ਼ ਨੇ
ਤੇ ਲਟਕਦੀ ਖੁੰਢੀ ਜਿਹੀ ਰਸਮੀ ਜਿਹੀ ਕਿਰਪਾਨ ਹੈ

ਪੂਰੇ ਸਹੀ ਸਾਰੇ ਸ਼ਗਨ ਪਰ ਨਾ ਮਿਲ਼ੀ ਮਨ ਨੂੰ ਲਗਨ
ਏਸੇ ਲਈ ਰਹਿੰਦੇ ਮਗਨ ਕਿ ਜਾਨ ਹੀ ਧਨ ਮਾਨ ਹੈ

ਮੁੱਢ ਤੋਂ ਹੀ ਜਿਗਰੀ ਯਾਰ ਸਨ ਗੋਲ਼ੀ ਇੱਕੋ ਦੀ ਮਾਰ ਸਨ
ਪਰ ਜੱਟ ਤੇ ਚਮਿਆਰ ਸਨ ਵੱਖ ਇਸ ਲਈ ਸ਼ਮਸ਼ਾਨ ਹੈ

ਧਨ ਜੱਗ ਦਾ ਤਨ ਅੱਗ ਦਾ ਰੂਹ ਰੱਬ ਦੀ ਪਰ ਲੱਗਦਾ
ਫਿਰ ਵੀ ਅਜੇ ਤੱਕ ਸੁਲ਼ਗਦਾ ਮਨ ਵਿੱਚ ਇਹੋ ਅਰਮਾਨ ਹੈ

ਕਿ ਲਟਕਦੀ ਕਿਰਪਾਨ ਦੇ ਬੌਰੇ ਜਿਹੇ ਇਨਸਾਨ ਦੇ
ਕਿਰਸਾਨ ਦੇ ਸ਼ਮਸ਼ਾਨ ਦੇ ਮਨ ਵਿੱਚ ਅਮਨ-ਅਮਾਨ ਹੈ।

-ਸੰਗਤਾਰ

ਸੱਚ ਤੇ ਝੂਠ

ਹਰ ਪੱਖ ਨੂੰ ਸਾਬਤ ਕਰਨ ਲਈ
ਕੋਈ ਨਾ ਕੋਈ
ਦਲੀਲ ਲੱਭ ਹੀ ਆਉਂਦੀ ਏ

ਤੇ,

ਹਰ ਦਲੀਲ ਦੀ ਪੁਸ਼ਟੀ ਲਈ
ਕੋਈ ਨਾ ਕੋਈ
ਤਸ਼ਬੀਹ ਵੀ ਮਿਲ਼ ਹੀ ਜਾਂਦੀ ਹੈ

ਪਰ ਦਲੀਲਾਂ ਤੇ ਤਸ਼ਬੀਹਾਂ
ਨਾਲ਼ ਕੀ ਹੁੰਦਾ ਹੈ

ਸੱਚ ਤੇ ਸੱਚ ਹੀ ਰਹਿੰਦਾ ਹੈ

ਤੇ ਸੱਚ ਇਹ ਹੈ
ਕਿ ਝੂਠ ਕੁੱਝ ਨਹੀਂ।

-ਸੰਗਤਾਰ

ਕਾਵਿ-ਚੱਕਰ

ਕੋਰੇ ਸਫਿਆਂ ਉੱਤੇ ਲਾਹ ਕੇ
ਰੂਹ ਦੀ ਮੈਲ਼ ਖਿਲਾਰੀ
ਹਰ ਇੱਕ ਸੂਰਤ ਮੂਰਤ ਸ਼ੰਕਾ
ਅੱਖਰਾਂ ਵਿੱਚ ਉਤਾਰੀ

ਰਾਤ ਸਿਆਹੀ ਕਲਮ ਬੇਚੈਨੀ
ਖੰਭਾਂ ਬਿਨਾਂ ਉਡਾਰੀ
ਹੰਝੂ ਸੱਚੇ ਹੌਂਕੇ ਸੱਚੇ
ਸੱਚੀ ਕਵਿਤਾ ਕਿਆਰੀ

ਲੋਕੀਂ ਫਿਰ ਵੀ ਸ਼ੱਕ ਕਰਨ
ਇਹ ਲਗਦਾ ਨਹੀਂ ਲਿਖਾਰੀ
ਸ਼ਬਦਾਂ ਦਾ ਸ਼ਿਕਾਰੀ ਕੋਈ
ਲਫਜ਼ਾਂ ਦਾ ਵਿਉਪਾਰੀ

ਪਈ ਦੋਚਿੱਤੀ ਸ਼ਾਇਦ ਹੋਵੇ
ਠੀਕ ਹੀ ਦੁਨੀਆਂ ਸਾਰੀ
ਏਸ ਵਹਿਮ ਨੇ ਰੂਹ ਨੂੰ ਕੀਤਾ
ਮੈਲ਼ਾ ਕਿੰਨੀ ਵਾਰੀ

ਕੋਰੇ ਸਫਿਆਂ ਉੱਤੇ ਲਾਹ ਕੇ
ਰੂਹ ਦੀ ਮੈਲ਼ ਖਿਲਾਰੀ…

-ਸੰਗਤਾਰ

“ਪਛਤਾਵਾ” ਜਗਬਾਣੀ ਮੈਗਜ਼ੀਨ ਵਿੱਚ

ਜਨਵਰੀ 15, 2010 ਜਗਬਾਣੀ ਦੇ ਕਹਾਣੀ ਅਤੇ ਵਿਅੰਗ ਮੈਗਜ਼ੀਨ ਵਿੱਚ ਮੇਰੀ ਇੱਕ ਕਹਾਣੀ “ਪਛਤਾਵਾ” ਛਪੀ ਹੈ।
ਆਪ ਇਹ ਕਹਾਣੀ ਇੱਥੇ ਕਲਿੱਕ ਕਰਕੇ ਪੰਨਾ 2 ਅਤੇ ਪੰਨਾ 3 ਉੱਤੇ ਵੇਖ ਸਕਦੇ ਹੋ।

ਜਾਂ ਫਿਰ ਹੇਠ ਲਿਖੇ ਲਿੰਕਾਂ ‘ਤੇ ਜਾ ਕੇ ਪੜ੍ਹ ਸਕਦੇ ਹੋ:

ਪੰਨਾ 2 ਦੇ ਭਾਗ ਲਈ ਇੱਥੇ ਕਲਿੱਕ ਕਰੋ।

ਪੰਨਾ 3 ਦੇ ਭਾਗ ਲਈ ਇੱਥੇ ਕਲਿੱਕ ਕਰੋ।

ਜੇ ਉਪਰੋਕਤ ਜਗ੍ਹਾਵਾਂ ਉੱਤੇ ਕੋਈ ਮੁਸ਼ਕਿਲ ਆਵੇ ਤਾਂ ਪੂਰੀ ਦੀ ਪੂਰੀ ਕਹਾਣੀ ਦੇ ਪਰਿੰਟ ਨੂੰ ਇੱਥੇ ਪੜ੍ਹ ਸਕਦੇ ਹੋ:

“ਪਛਤਾਵਾ” ਪੰਨਾ 2 (image)

“ਪਛਤਾਵਾ” ਪੰਨਾ 3 (image)

ਜਾਂ ਫਿਰ ਇਸ ਕਹਾਣੀ ਨੂੰ text ਰੂਪ ਵਿੱਚ ਪੜ੍ਹਨ ਲਈ ਹੇਠ ਲਿਖੇ ਸਿਰਲੇਖ ਤੇ ਕਲਿੱਕ ਕਰੋ। ਧੰਨਵਾਦ।

ਪਛਤਾਵਾ

ਪਛਤਾਵਾ – ਕਹਾਣੀ

 

 

ਮਾਸਟਰ ਗੁਰਦਿਆਲ ਸਿੰਘ ਨੂੰ ਰਿਟਾਇਰ ਹੋਇਆਂ ਦਸ ਕੁ ਸਾਲ ਹੋ ਗਏ ਸਨ।ਉਸਦੀ ਘਰਵਾਲ਼ੀ ਨਿਰੰਜਣ ਕੌਰ ਛੇ ਸਾਲ ਪਹਿਲਾਂ ਕੋਠੇ ਤੋਂ ਡਿਗ ਕੇ ਮਰ ਗਈ ਸੀ। ਇੱਕ ਦਿਨ ਚਿੜੀਆਂ ਕਬੂਤਰਾਂ ਨੂੰ ਚੋਗਾ ਪਾਉਂਦੀ ਉੱਤੇ ਕਿਸੇ ਹਲ਼ਕੇ ਹੋਏ ਕਾਂ ਨੇ ਹਮਲਾ ਕਰ ਦਿੱਤਾ। ਵਿਚਾਰੀ ਘਬਰਾਈ ਹੋਈ, ਪਾਗਲਾਂ ਵਾਂਗ ਰੌਲ਼ਾ ਪਾਉਂਦੀ ਅਤੇ ਕਿਸੇ ਬੇੜੀ ਨੂੰ ਵੇਖ ਕੇ ਡੁੱਬੇ ਜਹਾਜ਼ ਦੇ ਮੁਸਾਫ਼ਰਾਂ ਵਾਂਗ ਸਿਰ ਤੇ ਹੱਥ ਮਾਰਦੀ ਐਸੀ ਪਿਛਾਂਹ ਨੂੰ ਮੁੜੀ, ਕਿ ਪੱਕੇ ਫ਼ਰਸ਼ ਉੱਤੇ ਧਾੜ ਦੇਣੀ ਡਿਗ ਕੇ ਸ਼ਾਂਤ ਹੋ ਗਈ। ਮਾਸਟਰ ਹੁਣੀ ਬੜੇ ਚਿਰ ਤੋਂ ਕੋਠੇ ਤੇ ਜੰਗਲਾ ਬਣਾਉਣਾ ਲੋਚਦੇ ਸਨ, ਪਰ ਹੁਣ ਕਿਹਦੇ ਲਈ? ਜਿਨ੍ਹਾਂ ਬੱਚਿਆਂ ਦੇ ਡਿਗਣ ਦਾ ਡਰ ਸੀ, ਉਹ ਡਿਗਣੋਂ ਬਚ ਕੇ, ਬੜੇ ਹੋ ਕੇ ਆਪੋ ਆਪਣੇ ਰਾਹ ਪੈ ਗਏ ਸਨ। ਤੇ ਜਿਹਦਾ ਡਰ ਨਹੀਂ ਸੀ, ਉਸਨੂੰ ਜੰਗਲੇ ਦੀ ਅਣਹੋਂਦ ਨੇ ਮਾਰ ਮੁਕਾਇਆ ਸੀ। 

ਮਾਸਟਰ ਗੁਰਦਿਆਲ ਸਿੰਘ ਦੇ ਦੋ ਲੜਕੇ ਸਨ। ਵੱਡੇ ਦੀ ਉਮਰ ਪੰਤਾਲ਼ੀ ਕੁ ਸਾਲ ਸੀ ਤੇ ਛੋਟਾ ਵੀ ਚਾਲ਼ੀਆਂ ਦੇ ਲਾਗੇ ਸੀ। ਉਨਾਂ ਦੇ ਘਰ ਪੈਦਾ ਹੋਏ ਸੱਤਾਂ ਮੁੰਡਿਆਂ ਦੀ ਔਲਾਦ ਵਿੱਚੋਂ ਸਿਰਫ ਇਹ ਦੋ, ਪਹਿਲਾ ਤੇ ਤੀਜਾ ਹੀ ਬਚੇ ਸਨ। ਬੜਾ ਚਰਨ ਥੋੜਾ ਚਿਰ ਫੌਜ ਵਿੱਚ ਨੌਕਰੀ ਕਰਨ ਤੋਂ ਬਾਅਦ ਹੁਣ ਕਰਨਾਲ ਲਾਗੇ ਕਿਸੇ ਫੈਕਟਰੀ ਵਿੱਚ ਸਕਿਉਰਟੀ ਗਾਰਡ ਸੀ। ਉਸ ਨੇ ਉੱਥੇ ਹੀ ਕਿਸੇ ਔਰਤ ਨਾਲ਼ ਰਾਸ ਰਚਾ ਲਈ ਸੀ।ਉਹ ਪਿੰਡ ਅਤੇ ਮਾਸਟਰ ਹੁਣਾਂ ਨੂੰ ਬਿਲਕੁਲ ਹੀ ਦਿਲੋਂ ਭੁਲਾਈ ਬੈਠਾ ਸੀ। ਛੋਟਾ ਛਿੰਦਾ, ਘੁੰਮਦਾ ਘੁੰਮਾਉਂਦਾ ਕਿਤੇ ਸਪੇਨ ਵਿੱਚ ਟਿਕਿਆ ਹੋਇਆ ਸੀ। ਉਸਦੀ ਵੀ ਕੋਈ ਖਬਰ-ਸਾਰ ਆਈ ਨੂੰ ਅਰਸਾ ਗੁਜ਼ਰ ਗਿਆ ਸੀ। ਉਹ ਕਿੰਞ ਹੈ, ਵਿਆਹਿਆ ਹੈ ਕਿ ਕੁਆਰਾ, ਮਰਿਆ ਹੈ ਕਿ ਜਿਉਂਦਾ, ਇਸ ਗੱਲ ਦਾ ਪਿੰਡ ‘ਚ ਕਿਸੇ ਨੂੰ ਕੋਈ ਪਤਾ ਨਹੀਂ ਸੀ। ਆਪਣੇ ਮਨੋਂ ਇੱਕ ਸੱਚੇ, ਮਿਹਨਤੀ ਤੇ ਸਮਰਪਿਤ ਅਧਿਆਪਕ ਦੇ ਨਿਆਣਿਆਂ ਨੂੰ ਪੜ੍ਹਾਈ ਲਿਖਾਈ ਵਲੋਂ ਕੋਰੇ ਅਤੇ ਮਾਂ ਬਾਪ ਦੀ ਦੇਖਭਾਲ਼ ਤੇ ਭਲਾਈ ਤੋਂ ਅਵੇਸਲ਼ੇ ਰੱਖਣਾਂ ਜਾਂ ਤਾਂ ਰੱਬ ਦਾ ਘੋਰ ਅਨਿਆਂ ਸੀ ਤੇ ਜਾਂ ਫਿਰ ਤਾੜੀ ਮਾਰ ਕੇ ਹੱਸਣ ਵਾਲ਼ਾ ਚੁਟਕਲਾ। ਮਾਸਟਰ ਹੁਣਾਂ ਨੇ ਮਨ ਹੀ ਮਨ ਵਿੱਚ ਰੱਬ ਨੂੰ ਇਹ ਪ੍ਰਸ਼ਨ ਪੁੱਛਣ ਦਾ ਵਿਚਾਰ ਤਾਂ ਬਣਾਇਆ ਹੋਇਆ ਸੀ, ਪਰ ਉਸਨੂੰ ਹਾਲੇ ਇਸਦਾ ਉੱਤਰ ਸੁਣਨ ਦੀ ਕੋਈ ਕਾਹਲ਼ੀ ਨਹੀਂ ਸੀ। ਹਾਲੇ ਉਸਦੇ ਮਨ ਅੰਦਰ ਵਗਦੀ ਗੁੱਸੇ ਦੀ ਕਾਲ਼ੀ ਗੰਗਾ ਜ਼ਿੰਦਗੀ ਦੀਆਂ ਬੇਇਨਸਾਫ਼ੀਆਂ ਦੀ ਤਪਸ਼ ਨੂੰ ਬੜੀ ਕੁਸ਼ਲਤਾ ਨਾਲ਼ ਠੰਡਾ ਕਰ ਰਹੀ ਸੀ। 

ਮਾਸਟਰ ਗੁਰਦਿਆਲ ਸਿੰਘ ਦੀ ਸਿਰਫ ਦੋ-ਢਾਈ ਕਿੱਲੇ ਹੀ ਜ਼ਮੀਨ ਸੀ। ਇੱਕ ਚਾਰ ਕਨਾਲ਼ ਦਾ ਫਿਰਨੀ ਲਾਗਲਾ ਖੱਤਾ ਉਸਨੇ ਸਿਰਫ ਚਾਰੇ ਲਈ ਰੱਖਿਆ ਹੋਇਆ ਸੀ। ਇਸ ਵਿੱਚ ਉਹ ਸਰਦੀਆਂ ਨੂੰ ਪਰਸੀਨ ਬੀਜਦਾ।ਜਿਹਦੇ ਵਿੱਚੋਂ ਚੌਥਾ ਹਿੱਸਾ ਉਹ ਆਪਣੇ ਲਈ ਰੱਖ ਲੈਂਦਾ ਤੇ ਬਾਕੀ ਦਾ ਕਿਆਰਿਆਂ ਦੇ ਹਿਸਾਬ ਪਿੰਡ ਦੇ ਬੇ-ਜ਼ਮੀਨੇ ਆਦਿ-ਧਰਮੀਆਂ ਨੂੰ ਵੇਚ ਦਿੰਦਾ। ਗਰਮੀਆਂ ਨੂੰ ਉਹ ਇਸ ਖੱਤੇ ਵਿੱਚ ਅਗੇਤੇ ਬਾਜਰੇ ਵਿੱਚੋਂ ਕੁਝ ਆਪਣੇ ਜੋਗਾ ਰੱਖ ਕੇ ਬਾਕੀ ਜਾਂ ਤਾਂ ਖੜ੍ਹਾ ਵੇਚ ਦਿੰਦਾ ਜਾਂ ਜੇ ਭਾਅ ਵਧੀਆ ਹੋਵੇ, ਤਾਂ ਕਿਸੇ ਦੀ ਟਰਾਲੀ ਭਾੜੇ ਤੇ ਲੈ ਕੇ ਮੰਡੀ ਸੁਟਵਾ ਦਿੰਦਾ। ਬਾਕੀ ਦੇ ਦੋ ਕਿੱਲੇ ਪਿੰਡੋਂ ਦੂਰ ਢਹਿਆਂ ਵਿੱਚ ਸਨ।ਸਿੰਚਾਈ ਦਾ ਕੋਈ ਸਾਧਨ ਨਾ ਹੋਣ ਕਰਕੇ ਉੱਥੇ ਕੁਝ ਖਾਸ ਨਹੀਂ ਹੁੰਦਾ ਸੀ। ਫਿਰ ਵੀ ਉਹ ਹੱਥ-ਪੈਰ ਮਾਰ ਕੇ ਉੱਥੋਂ ਪਤਲੀ ਜਿਹੀ ਕਣਕ ਜਾਂ ਗੁਆਰਾ ਜਾਂ ਚਰ੍ਹੀ, ਕੁੱਝ ਨਾ ਕੁੱਝ ਪੈਦਾ ਕਰ ਲੈਂਦਾ। 

ਭਾਵੇਂ ਨਿਰੰਜਣ ਕੌਰ ਨੂੰ ਗੁਜ਼ਰਿਆਂ ਸਿਰਫ ਛੇ ਸਾਲ ਹੀ ਹੋਏ ਸਨ, ਪਰ ਮਾਸਟਰ ਗੁਰਦਿਆਲ ਨੂੰ ਇਕੱਲਿਆਂ ਰਹਿਣ ਦੀ ਆਦਤ ਬਹੁਤ ਪਹਿਲਾਂ ਦੀ ਪੈ ਚੁੱਕੀ ਸੀ। ਉਸ ਨੂੰ ਸਾਰੀ ਜ਼ਿੰਦਗੀ ਲੋਕਾਂ ਵਿੱਚ ਬੈਠ ਕੇ ਗੱਲਬਾਤ ਕਰਨ ਦੀ ਜਾਚ ਨਾ ਆਈ। ਜੇ ਕੋਈ ਗ਼ਲਤੀ ਨਾਲ਼ ਉਹਦੇ ਨਾਲ਼ ਕੋਈ ਗੱਲ ਸ਼ੁਰੂ ਕਰ ਵੀ ਲੈਂਦਾ, ਤਾਂ ਮਿੰਟਾਂ ਸਕਿੰਟਾਂ ਅੰਦਰ ਹੀ ਗੱਲਬਾਤ ਉਸਦੇ ਭਾਸ਼ਣ ਵਿੱਚ ਬਦਲ ਜਾਂਦੀ। ਅਗਲਾ ਆਪਣੀ ਨਾ ਸਮਝੀ ਉੱਤੇ ਆਪਣੇ ਆਪ ਨੂੰ ਫਿਟਕਾਰਾਂ ਪਾਉਂਦਾ ਹੋਇਆ ਗ਼ਲਤ ਉੱਤਰ ਦੇਣ ਵਾਲ਼ੇ ਵਿਦਿਆਰਥੀ ਵਾਂਗ ਖੜ੍ਹਾ ਐਂਵੇਂ ਹੂੰ-ਹਾਂ ਕਰੀ ਜਾਂਦਾ ਅਤੇ ਮਾਸਟਰ ਆਪਣਾ ਕਨੂੰਨ ਤੇ ਗਿਆਨ ਉਸ ਉੱਤੇ ਰੱਜ ਕੇ ਝਾੜਦਾ। ਉਂਞ ਗੁਰਦਿਆਲ ਸਿੰਘ ਖੁਦ ਵੀ ਆਪਣੀ ਇਸ ਕਮਜ਼ੋਰੀ ਤੋਂ ਜਾਣੂੰ ਸੀ, ਪਰ ਮੌਕੇ ਤੇ ਉਸਨੂੰ ਪਤਾ ਨਾ ਲੱਗਦਾ। ਬਾਅਦ ਵਿੱਚ ਉਹ ਆਪਣੇ ਆਪ ਨੂੰ ਬਹੁਤ ਕੋਸਦਾ ਤੇ ਕਿਸੇ ਨਾਲ਼ ਹੋਈ ਛੋਟੀ ਤੋਂ ਛੋਟੀ ਮੁਲਾਕਾਤ ਨੂੰ ਵੀ ਸੌ-ਸੌ ਵਾਰੀ ਉਦੋਂ ਤੱਕ ਆਪਣੇ ਮਨ ਵਿੱਚ ਦੋਬਾਰਾ ਕਰਦਾ ਰਹਿੰਦਾ ਜਦੋਂ ਤੱਕ ਖਿਆਲਾਂ ਵਿੱਚ ਉਸਦਾ ਆਪੇ ਚਿਤਰਿਆ ਦੂਸਰੇ ਆਦਮੀ ਦਾ ਬਿੰਬ ਸੰਤੁਸ਼ਟ ਨਾ ਹੋ ਜਾਂਦਾ। ਫਿਰ ਉਹ ਬੜੀ ਖੁਸ਼ੀ ਨਾਲ਼ ਆਪਣੇ ਆਪ ਤੋਂ ਵਾਰੇ-ਵਾਰੇ ਜਾਂਦਾ, ਪਰ ਜਦ ਕਿਸੇ ਨੂੰ ਮਿਲ਼ਦਾ ਤਾਂ ਉਹੀ ਗ਼ਲਤੀ ਫਿਰ ਕਰ ਬਹਿੰਦਾ। ਇੱਕ ਦੂਜੇ ਨਾਲ਼ ਗੱਲਬਾਤ ਦਾ ਫੁੱਟਬਾਲ ਜੋ ਬਾਕੀ ਲੋਕ ਅਸਾਨੀ ਨਾਲ਼ ਖੇਡਦੇ ਹਨ, ਇਸ ਦੀ ਉਸਨੂੰ ਕਦੇ ਸਮਝ ਨਾ ਆਈ। 

ਮਾਸਟਰ ਗੁਰਦਿਆਲ ਸਿੰਘ ਦੇ ਦੋ ਹੋਰ ਭਰਾ ਵੀ ਇਸੇ ਪਿੰਡ ਵਿੱਚ ਰਹਿੰਦੇ ਸਨ। ਪਰ ਪਤਾ ਨਹੀਂ ਇਹ ਕਿੰਞ ਹੋਇਆ ਕਿ ਇਸ ਛੋਟੇ ਜਿਹੇ ਪਿੰਡ ਵਿੱਚ ਵੀ ਬਹੁਤੇ ਨਵੀਂ ਉਮਰ ਦੇ ਲੋਕਾਂ ਨੂੰ ਇਸ ਗੱਲ ਦਾ ਪਤਾ ਨਹੀਂ ਸੀ। ਉਹ ਆਪਣੇ ਵਿਆਹ ਤੋਂ ਬਾਅਦ ਪ੍ਰੀਵਾਰ ਨਾਲ਼ੋਂ ਇੱਕ-ਦਮ ਜੁਦਾ ਹੋ ਗਿਆ।ਨਿਰੰਜਣ ਕੌਰ ਕਰਕੇ ਨਹੀਂ, ਉਹ ਤਾਂ ਸਗੋਂ ਇਸ ਕਦਮ ਦੇ ਵਿਰੁੱਧ ਸੀ, ਉਸਦੀ ਆਪਣੀ ਅੰਦਰਵੰਨੀ ਸੌੜੀ ਸੋਚ ਕਾਰਣ।ਉਦੋਂ ਸ਼ਾਇਦ ਉਸ ਨੂੰ ਆਪਣੀ ਨੌਕਰੀ ਤੇ ਮਾਣ ਸੀ ਤੇ ਜਾਂ ਸ਼ੱਕ ਸੀ ਕਿ ਬਾਕੀ ਦਾ ਨਿਕੰਮਾ ਟੱਬਰ ਉਸਦੀ ਕਮਾਈ ਨੂੰ ਖਾ ਜਾਵੇਗਾ। ਉਹ ਆਪਣੇ ਆਪ ਨੂੰ ਪਰਿਵਾਰਕ ਬੇੜੀ ਦਾ ਚੱਪੂ ਸਮਝਦਾ ਸੀ। ਪਰ ਜੁਦਾ ਹੋ ਕੇ ਉਹ ਇੰਞ ਹੋ ਗਿਆ ਜਿਵੇਂ ਕੋਈ ਚਲਦੀ ਬੇੜੀ ਵਿੱਚੋਂ ਕੇਲੇ ਦਾ ਛਿਲਕ ਸਮੁੰਦਰ ਵਿੱਚ ਸੁੱਟ ਦੇਵੇ। ਬੇੜੀ ਆਪਣੀ ਚਾਲੇ ਚਲਦੀ ਜਾਂਦੀ ਹੈ ਪਰ ਛਿਲਕ ਉੱਥੇ ਦਾ ਉੱਥੇ ਪਿਆ ਲਹਿਰਾਂ ਦੇ ਰਹਿਮ ਤੇ ਝੂਲਣ ਜੋਗਾ ਰਹਿ ਜਾਂਦਾ ਹੈ। ਉਸਦੇ ਦੋਵੇਂ ਭਰਾਵਾਂ ਦਾ ਕੰਮਕਾਰ, ਪਰਿਵਾਰ ਸਭ ਕੁਝ ਬਹੁਤ ਵਧੀਆ ਸੀ। ਉਹ ਖੁਸ਼ ਸਨ ਤੇ ਉਨ੍ਹਾਂ ਦੀ ਔਲਾਦ ਬੜੀ ਹੋਣਹਾਰ ਨਿਕਲ਼ੀ ਸੀ। ਜਦ ਕਦੇ ਉਹ ਗੁਰਦਿਆਲ ਨੂੰ ਕਿਸੇ ਦਿਨ-ਸੁਦ ਉੱਤੇ ਸੱਦਦੇ, ਤਾਂ ਉਹ ਘੜੀ ਦੀ ਘੜੀ ਜਾ ਕੇ, ਇਕੱਲਾ ਜਿਹਾ ਬੈਠ ਕੇ, ਉਨ੍ਹਾਂ ਦੀ ਚੜ੍ਹਦੀ ਕਲਾ ਦਾ ਅਫ਼ਸੋਸ ਜਿਹਾ ਕਰਕੇ ਮੁੜ ਆਉਂਦਾ। 

ਗੁਰਦਿਆਲ ਸਿੰਘ ਆਪਣੇ ਆਪ ਨੂੰ ਬੜਾ ਬਦ-ਕਿਸਮਤ ਸਮਝਦਾ ਸੀ। ਪਰ ਇਹ ਤਾਂ ਉਸਦੀ ਖੁਸ਼ਕਿਸਮਤੀ ਹੀ ਸੀ ਕਿ ਉਸਨੂੰ ਭਲਿਆਂ ਵਕਤਾਂ ਦੇ ਵਿੱਚ ਸਕੂਲ ਦੀ ਨੌਕਰੀ ਮਿਲ਼ ਗਈ ਸੀ। ਹੁਣ ਤਾਂ ਯਾਦ ਕੀਤਿਆਂ ਵੀ ਉਸਨੂੰ ਯਾਦ ਨਹੀਂ ਆਉਂਦਾ ਕਿ ਕਿਨ੍ਹਾਂ ਹਾਲਤਾਂ ਦੇ ਵਿੱਚ ਉਸਨੂੰ ਉਸ ਦੇ ਬਾਪ ਨੇ ਸਕੂਲ ਦਾਖ਼ਲ ਕਰਾਇਆ ਹੋਵੇਗਾ।  ਬਾਪ ਨੇ ਹੀ ਕਰਾਇਆ ਹੋਵੇਗਾ ਕਿਉਂਕਿ ਦਾਲ਼-ਰੋਟੀ ਬਣਾਉਣ ਤੇ ਚਰਖਾ ਕੱਤਣ ਤੋਂ ਬਿਨਾਂ ਉਸ ਦੀ ਮਾਂ ਨੇ ਕਦੀ ਵੀ ਕਿਸੇ ਘਰ ਦੇ ਮਸਲੇ ਵਿੱਚ ਦਖ਼ਲ-ਅੰਦਾਜ਼ੀ ਨਹੀਂ ਸੀ ਕੀਤੀ ਤੇ ਨਾਂ ਹੀ ਉਸ ਦੇ ਬਾਪ ਨੂੰ ਔਰਤਾਂ ਦੀ ਕੋਈ ਵੀ ਸਲਾਹ ਬਰਦਾਸ਼ਤ ਸੀ। ਕਿਸੇ ਨਾ ਕਿਸੇ ਤਰੀਕੇ ਉਹ ਮੈਟਰਿਕ ਪਾਸ ਕਰ ਗਿਆ। ਇੱਕ ਵਾਰ ਆਪਣੀ ਭੂਆ ਦੇ ਘਰ ਇੱਕ ਉਰਦੂ ਦੇ ਅਖ਼ਵਾਰ ਵਿੱਚ ਅਧਿਆਪਕਾਂ ਦੀਆਂ ਸਾਮੀਆਂ ਲਈ ਲੱਗੇ ਇਸ਼ਤਿਹਾਰ ਨੇ ਉਸਨੂੰ ਥੋੜਾ ਜਿਹਾ ਉਤਸ਼ਾਹਿਤ ਕਰ ਦਿੱਤਾ। ਉਸ ਨੇ ਘਰਦਿਆਂ ਨਾਲ਼ ਲੜ ਕੇ ਵੀ ਗਿਆਨੀ ਪਾਸ ਕਰ ਲਈ ਤੇ ਉਸੇ ਸਾਲ ਉਸ ਨੂੰ ਮਿਡਲ ਸਕੂਲ ਵਿੱਚ ਨੌਕਰੀ ਮਿਲ਼ ਗਈ। 

ਉਸਨੇ ਸਾਰੀ ਉਮਰ ਛੇਵੀਂ ਸੱਤਵੀਂ ਦੇ ਬੱਚਿਆਂ ਨੂੰ ਅੰਗਰੇਜੀ ਪੜ੍ਹਾਈ। ਏ ਬੀ ਸੀ ਤੇ ਥੋੜੇ ਬਹੁਤੇ ਕਿਰਿਆ- ਕਰਮਾਂ ਤੇ ਨਾਂਵ-ਪੜਨਾਂਵਾਂ ਤੋਂ ਬਿਨਾਂ ਕੋਈ ਦਿਮਾਗ ਤੇ ਬੋਝ ਪੈਣ ਵਾਲ਼ਾ ਕੰਮ ਨਹੀਂ ਸੀ।ਉਸ ਦੀ ਚੁੱਪ ਤੇ ਇਕੱਲਤਾ ਦਾ ਫਾਇਦਾ ਉਠਾਦਿਆਂ ਸਕੂਲ ਦੇ ਪ੍ਰਿੰਸੀਪਲ ਨੇ ਉਸ ਨੂੰ ਪਹਿਲੇ ਸਾਲ ਹੀ ਕਲਾਸ ਦਾ ਇੰਚਾਰਜ ਬਣਾ ਦਿੱਤਾ। ਇੱਕ ਦੋ ਸਾਲ ਤਾਂ ਉਹ ਬੜੇ ਮਾਣ ਨਾਲ਼ ਸਕੂਲ ਵਿੱਚ ਰਜਿਸਟਰ ਚੁੱਕੀ ਘੁੰਮਦਾ ਰਿਹਾ ਪਰ ਬਾਅਦ ਵਿੱਚ ਸਾਰੀ ਨੌਕਰੀ ਉਸ ਨੇ ਇਹ ਸੇਵਾ ਨਫ਼ਰਤ ਗ੍ਰਸਤ ਹੋ ਕੇ ਹੀ ਨਿਭਾਈ।
ਸਕੂਲ ਨੇ ਉਸ ਨੂੰ ਦਿੱਤੀ ਜਾਂਦੀ ਤਨਖਾਹ ਤੋਂ ਵੱਧ ਕੰਮ ਲਿਆ ਸੀ, ਸਿਖਿਆਰਥੀ ਨਾ-ਸ਼ੁਕਰੇ ਸਨ, ਤੇ ਟੱਬਰ? ਉਹ ਤੇ ਜਿਵੇਂ ਹੈ ਹੀ ਨਹੀਂ ਸੀ। ਉਸ ਦੀ ਕਲਾਸ ਰੂਮ ਵਾਲ਼ੀ ਸਖਤੀ ਤੇ ਅੜਬ ਸੁਭਾਅ ਕਰਕੇ ਉਸ ਦੇ ਦਹਿਲੀਜ਼ ਤੋ ਅੰਦਰ ਪੈਰ ਰੱਖਦਿਆਂ ਹੀ ਘਰ ਦੇ ਜੀਅ ਸਵੇਰ ਸਾਰ ਠੰਡ ਨਾਲ਼ ਸੁਸਤਾਏ ਰੀਂਗਣ ਵਾਲ਼ੇ ਜੀਵਾਂ ਵਾਂਗ ਹੌਲ਼ੀ-ਹੌਲ਼ੀ, ਚੁੱਪ ਚੁੱਪ ਪੈਰ ਪੁੱਟਦੇ। ਉਹ ਆਪਣੇ ਆਪ ਨੂੰ ਘਰ ਵਿੱਚ ਇੱਕੋ ਇੱਕ ਦੁਧਾਧਾਰੀ ਪ੍ਰਾਣੀ ਸਮਝ ਕੇ ਬਾਕੀ ਦਿਆਂ ਜੀਵਾਂ ਨਾਲ਼ੋਂ ਟੁੱਟਾ ਜਿਹਾ ਰਿਹਾ। ਉਨ੍ਹਾਂ ਦੀ ਇੱਕ ਦੂਜੇ ਦੀ ਜ਼ਿੰਦਗੀ ਵਿੱਚ ਦਖ਼ਲਅੰਦਾਜ਼ੀ ਨਾ-ਮਾਤਰ ਸੀ। ਨਰੰਜਣ ਕੌਰ ਨੂੰ ਉਸ ਨੇ ਸਿਰਫ ਪਿੰਡ ਦੀ ਇੱਕੋ ਇੱਕ ਹੱਟੀ ਤੋਂ ਸੌਦਾ ਲਿਆਉਣ ਦੀ ਇਜਾਜ਼ਤ ਦਿੱਤੀ ਹੋਈ ਸੀ। ਉਸ ਦਾ ਹਿਸਾਬ ਉਹ ਆਪ ਮਹੀਨੇ ਬਾਅਦ ਜਾ ਕੇ ਕਰ ਆਉਂਦਾ ਤੇ ਕਦੇ ਵੱਧ-ਘੱਟ ਸੌਦਾ ਲਿਆਉਣ ਬਾਰੇ ਲੜਾਈ ਵੀ ਨਾ ਕਰਦਾ।ਉਸ ਦੀ ਸੋਚ ਮੁਤਾਬਿਕ ਉਸਦਾ ਪਰਿਵਾਰ ਪ੍ਰਤੀ ਬਸ ਇੰਨਾ ਹੀ ਫਰਜ਼ ਸੀ ਅਤੇ ਪਰਿਵਾਰ ਨੂੰ ਸਿਰਫ ਰੋਟੀ ਦੀ ਹੀ ਲੋੜ ਸੀ।ਸਾਰੀ ਜ਼ਿੰਦਗੀ ਵਿੱਚ ਸਿਰਫ ਦੋ ਚਾਰ ਹੀ ਇਹੋ ਜਿਹੇ ਮੌਕੇ ਆਏ ਸਨ ਜਦੋਂ ਨਿਰੰਜਣ ਕੌਰ ਨੇ ਉਸ ਤੋਂ ਪੈਸੇ ਮੰਗੇ ਹੋਣ। ਇੱਕ ਦੋ ਵਾਰ ਮੁੰਡਿਆਂ ਦੀ ਬਿਮਾਰੀ ਕਰਕੇ ਤੇ ਇੱਕ ਵਾਰੀ ਆਪਣੇ ਭਰਾ ਦੇ ਲੜਕੇ ਦੇ ਵਿਆਹ ਦੀ ਖਾਤਰ ਉਸ ਨੇ ਡਰਦੀ ਡਰਦੀ ਨੇ ਗੁਰਦਿਆਲ ਅੱਗੇ ਹੱਥ ਅੱਡਿਆ ਸੀ। ਗੁਰਦਿਆਲ ਤੋਂ ਕੁਝ ਮੰਗਦਿਆਂ ਉਹ ਆਪਣੀ ਹੀਣ-ਭਾਵਨਾ ਦੀ ਧੁੱਪ ਵਿੱਚ ਨੰਗੀ ਰੱਖੀ ਬਰਫ਼ ਵਾਂਗ ਪਿਘਲ਼ ਰਹੀ ਸੀ। ਸ਼ਾਇਦ ਉਸਦੀ ਇਸ ਹੀਣਤਾ ਨੂੰ ਵੇਖਦਿਆਂ ਹੀ ਗੁਰਦਿਆਲ ਨੇ ਉਸ ਨੂੰ ਪੈਸੇ ਦੇ ਵੀ ਦਿੱਤੇ ਸਨ ਪਰ ਪਤੀ ਪਤਨੀ ਵਿੱਚ ਇੱਕ ਦੂਜੇ ਉੱਤੇ ਨਿਰਭਰ ਹੋਣ ਦਾ ਮਾਣ ਨਾ ਨਿਰੰਜਣ ਕੌਰ ਨੂੰ ਕਦੇ ਮਿਲ਼ਿਆ ਤੇ ਨਾਂ ਹੀ ਕਦੇ ਗੁਰਦਿਆਲ ਨੇ ਇਹ ਭਾਵਨਾ ਪੈਦਾ ਹੋਣ ਦਾ ਮੌਕਾ ਦਿੱਤਾ। ਅਸਲ ਵਿੱਚ ਨਿਰੰਜਣ ਕੌਰ ਦੇ ਪੇਕੇ ਇੱਕ ਬੜਾ ਸਰਦਾ ਪੁੱਜਦਾ ਪਰਿਵਾਰ ਸਨ। ਜਦ ਵੀ ਉਹ ਉਨ੍ਹਾਂ ਨੂੰ ਮਿਲਣ ਜਾਂਦੀ ਤਾਂ ਉਸ ਦੀ ਭਰਜਾਈ ਕੁੱਝ ਰਿਸ਼ਤੇ ਕਰਕੇ ਤੇ ਕੁੱਝ ਉਸਦੀ ਹਾਲਤ ਤੇ ਤਰਸ ਕਰਕੇ, ਉਸ ਨੂੰ ਅਤੇ ਉਸ ਦੇ ਨਿਆਣਿਆਂ ਨੂੰ ਕੱਪੜਿਆਂ ਨਾਲ਼ ਲੱਦ ਕੇ ਤੋਰਦੀ। ਆਨੇ ਬਹਾਨੇ ਉਹ ਕੁਝ ਪੈਸੇ ਵੀ ਫੜਾ ਦਿੰਦੀ। ਨਿਰੰਜਣ ਕੌਰ ਇਹ ਪੈਸੇ ਸਾਂਭ ਸਾਂਭ ਰੱਖਦੀ ਤੇ ਲੋੜ ਵੇਲ਼ੇ ਇਨ੍ਹਾਂ ਨਾਲ਼ ਹੀ ਆਪਣਾ ਵਕਤ ਸਾਰ ਲੈਂਦੀ। 

ਹੁਣ ਬੁਢਾਪੇ ਵਿੱਚ ਮਾਸਟਰ ਗੁਰਦਿਆਲ ਸਿੰਘ ਕੁੱਝ ਜ਼ਿਆਦਾ ਹੀ ਸੋਚਵਾਨ ਹੋਈ ਜਾਂਦਾ ਸੀ। ਹਾਲਾਂਕਿ ਇਸ ਦਾ ਕੋਈ ਬਾਹਰੀ ਕਾਰਣ ਨਜ਼ਰ ਨਹੀਂ ਸੀ ਆਉਂਦਾ। ਉਸ ਨੇ ਸਾਰੀ ਜ਼ਿੰਦਗੀ ਕੋਈ ਅਖ਼ਵਾਰ, ਮੈਗਜ਼ੀਨ ਪੂਰਾ ਨਹੀਂ ਸੀ ਪੜ੍ਹਿਆ। ਸਕੂਲ ਦੇ ਸਿਲੇਬਸ ਵਿੱਚ ਲੱਗੀਆਂ ਹੋਈਆਂ ਕਿਤਾਬਾਂ ਤੋਂ ਬਗੈਰ ਸ਼ਇਦ ਹੀ ਉਸ ਨੇ ਕਦੇ ਕਿਸੇ ਕਿਤਾਬ ਨੂੰ ਹੱਥ ਲਾਇਆ ਹੋਵੇ। ਰੇਡੀਓ ਤੋਂ ਦਿਹਾਤੀ ਪ੍ਰੋਗਰਾਮ ਸੁਣਨ ਤੋਂ ਬਿਨਾਂ ਉਸ ਨੂੰ ਕਿਸੇ ਚੀਜ਼ ਵਿੱਚ ਦਿਲਚਸਪੀ ਨਹੀਂ ਸੀ। ਸੋ ਇਨ੍ਹਾਂ ਗਹਿਰੀਆਂ ਸੋਚਾਂ ਦਾ ਕਾਰਣ ਸ਼ਾਇਦ ਉਸਦੀ ਆਪਣੀ ਨਾਸ਼ਵਾਨਤਾ ਸੀ। ਉਸਦੇ ਮਨ ਵਿੱਚ ਇੱਕ ਖਿੜਿਆ ਹੋਇਆ, ਭਰਿਆ ਭਰਿਆ ਜੀਵਨ ਜਿਓਣ ਦੀ ਚਾਹ ਸੀ। ਇਸ ਇੱਛਾ ਨੂੰ ਅਸਲੀਅਤ ਬਣਾਉਣ ਲਈ ਉਸ ਨੇ ਕਦੇ ਕੋਈ ਕਦਮ ਨਾ ਚੁੱਕਿਆ। ਉਸ ਨੂੰ ਅਫ਼ਸੋਸ ਸੀ ਕਿ ਉਸ ਦਾ ਆਲ਼ਾ-ਦੁਆਲ਼ਾ ਇੰਨਾ ਵਿਰਾਨ ਕਿਉਂ ਹੈ? ਭਾਂਵੇ ਕਿ ਇਹ ਵਿਰਾਨੀ ਉਸ ਦੇ ਆਪਣੇ ਮਨ ਦੀ ਪੈਦਾਇਸ਼ ਸੀ। 

ਸਾਰੀ ਜ਼ਿੰਦਗੀ ਅੰਦਰੋਂ ਬਾਹਰੋਂ ਇਕੱਲਿਆਂ ਗੁਜ਼ਾਰ ਕੇ, ਪਿਛਲੇ ਤਿੰਨ ਕੁ ਸਾਲ ਤੋਂ ਉਸ ਨੂੰ ਆਖਿਰ ਇੱਕ ਮਿੱਤਰ ਲੱਭ ਹੀ ਆਇਆ ਸੀ। ਉਹ ਰੇਸ਼ਮ ਨਾਲ਼, ਜੋ ਕਿ ਤੀਹ ਪੈਂਤੀ ਸਾਲ ਦਾ ਇਸੇ ਪਿੰਡ ਦੇ ਆਦਿ ਧਰਮੀਆਂ ਦਾ ਮੁੰਡਾ ਸੀ, ਥੋੜਾ ਜਿਹਾ ਖੁੱਲਿਆ ਸੀ।ਰੇਸ਼ਮ ਨੂੰ ਉਹ ਕਦੇ-ਕਦੇ ਦਿਹਾੜੀ ਉੱਤੇ ਖੇਤ ਵਿੱਚ ਜਾਂ ਘਰ ਵਿੱਚ ਕੰਮ ਲਈ ਸੱਦਦਾ ਹੁੰਦਾ ਸੀ। ਬਿਲਕੁੱਲ ਹਵਾ ਦੇ ਵਹਾਅ ਦੇ ਉਲਟ ਉਹ ਹੌਲ਼ੀ ਹੌਲ਼ੀ ਇੱਕ ਦੂਜੇ ਦੇ ਨੇੜੇ ਹੋ ਗਏ। ਹੁਣ ਤਾਂ ਜੇ ਰੇਸ਼ਮ ਵਿਹਲਾ ਹੁੰਦਾ ਤਾਂ ਬਿਨਾਂ ਕੰਮ ਤੋਂ ਹੀ ਗੁਰਦਿਆਲ ਕੋਲ਼ ਆ ਜਾਂਦਾ ਤੇ ਉਸ ਦੀ ਮੱਝ ਨੂੰ ਪੱਠਾ-ਦੱਠਾ ਵੀ ਬਿਨਾਂ ਕਿਸੇ ਮੁਆਵਜ਼ੇ ਦੇ ਹੀ ਕਰ ਜਾਂਦਾ। 

ਪਹਿਲਾਂ ਪਹਿਲ ਮਾਸਟਰ ਗੁਰਦਿਆਲ ਸਿੰਘ ਰੇਸ਼ਮ ਨਾਲ਼ ਗੱਲ ਕਰਨਾ ਮੁਨਾਸਿਬ ਨਹੀਂ ਸਮਝਦਾ ਸੀ।ਇੱਕ ਦਿਨ ਖੇਤ ਵਿੱਚ ਕੰਮ ਕਰਦੇ ਹੋਏ ਮਾਸਟਰ ਨੇ ਰੇਸ਼ਮ ਦੀ ਮਾੜਚੂ ਤੇ ਗਰੀਬੜੀ ਜਿਹੀ ਘਰਵਾਲ਼ੀ ਨੂੰ ਵੱਟ-ਵੱਟੇ ਘਾਹ ਖੋਤਦੀ ਵੇਖ ਕੇ ਮਜ਼ਾਕ ਕੀਤਾ, “ਰੇਸ਼ਮਾਂ! ਕੁਛ ਖਾਣ ਨੂੰ ਦਿਆ ਕਰ ਓਏ ਆਪਣੀ ਵਹੁਟੀ ਨੂੰ। ਨਹੀਂ ਤਾਂ ਦੇਖ ਲਈਂ ਮਰ ਜਾਣਾ ਇਹਨੇ ਕਿਤੇ ਮਗਰੀ ਦੇ ਹੇਠ ਆ ਕੇ।” 

ਬਾਅਦ ਵਿੱਚ ਉਹ ਬਹੁਤ ਪਛਤਾਇਆ। ਉਸ ਨੂੰ ਕੁੱਝ ਨਹੀਂ ਕਹਿਣਾ ਚਾਹੀਦਾ ਸੀ। ਕਿਉਂਕਿ ਹੱਸ ਕੇ “ਠੀਕ ਏ ਮਾਸਟਰ ਜੀ” ਕਹਿਣ ਦੀ ਬਜਾਏ ਰੇਸ਼ਮ ਨੇ ਉਸ ਨੂੰ ਆਪਣੀ ਲੰਬੀ ਦੁੱਖਾਂ ਭਰੀ ਵਿਥਿਆ ਸੁਣਾ ਦਿੱਤੀ। ਉਸ ਦੇ ਤਿੰਨ ਬੱਚਿਆਂ ਦੇ ਖਰਚੇ, ਘਰਵਾਲ਼ੀ ਦੀਆਂ ਛਾਤੀਆਂ ਦੇ ਕੈਂਸਰ ਦੀ ਬਿਮਾਰੀ, ਇਲਾਜ, ਕਰਜਾ, ਭੁੱਖ-ਮਰੀ ਬਗੈਰਾ ਬਗੈਰਾ।  ਜਦੋਂ ਰੇਸ਼ਮ ਬੋਲਦਾ ਸੀ ਤਾਂ ਮਾਸਟਰ ਆਪਣੇ ਆਪ ਨੂੰ ਕੋਸਦਾ ਸੀ। ਸੱਚਮੁੱਚ, ਉਹ ਗੱਲ ਕਰਕੇ ਬਹੁਤ ਪਛਤਾਇਆ। ਪਰ ਬਾਅਦ ਵਿੱਚ ਜਦੋਂ ਉਸਨੇ ਉਸ ਘਟਨਾ ਨੂੰ ਆਪਣੇ ਮਨ ਦੀ ਸਟੇਜ ਉੱਤੇ ਕਈ ਵਾਰ ਦੁਬਾਰਾ ਸਮਾਂ ਦਿੱਤਾ, ਤਾਂ ਉਸ ਦਾ ਵਿਚਾਰ ਬਦਲ ਗਿਆ।ਲੋਕ ਉਸ ਬਾਰੇ ਕੁੱਝ ਵੀ ਕਹਿੰਦੇ ਹੋਣ, ਗੁਰਦਿਆਲ ਆਪਣੇ ਆਪ ਨੂੰ ਇੱਕ ਨਰਮ ਦਿਲ ਇਨਸਾਨ ਸਮਝਦਾ ਸੀ। ਉਸਨੂੰ ਰੇਸ਼ਮ ਦੀ ਔਖੀ ਜ਼ਿੰਦਗੀ ਨਾਲ਼ ਹਮਦਰਦੀ ਹੋ ਗਈ। ਉਹ ਥੋੜੇ ਜਿਹੇ ਕੰਮ ਲਈ ਵੀ ਉਸ ਨੂੰ ਦਿਹਾੜੀ ਤੇ ਸੱਦਣ ਲੱਗ ਪਿਆ।  ਹੌਲ਼ੀ ਹੌਲ਼ੀ ਉਹ ਰੇਸ਼ਮ ਨੂੰ ਥੋੜਾ ਜ਼ਿਆਦਾ ਨੇੜਿਓਂ ਜਾਨਣ ਲੱਗਾ। 

“ਮਾਸਟਰ ਦਾ ਕੰਮ ਹੀ ਅਣਕਹੀ ਨੂੰ ਸੁਣਨਾ ਤੇ ਅਣਵੇਖੇ ਨੂੰ ਵੇਖਣਾ ਹੁੰਦਾ ਏ,” ਉਹ ਸੋਚਦਾ। 

ਉਹ ਮਨ ਹੀ ਮਨ ਰੇਸ਼ਮ ਨੂੰ ਅੰਦਰੋਂ ਬਾਹਰੋਂ ਪੜ੍ਹ ਗਿਆ। ਹਾਲਾਤ ਸਹੀ ਨਹੀਂ ਸਨ। ਸਭ ਤੋਂ ਵੱਡਾ ਅਫ਼ਸੋਸ ਗੁਰਦਿਆਲ ਸਿੰਘ ਨੂੰ ਇਸ ਗੱਲ ਦਾ ਹੋਇਆ ਕਿ ਰੇਸ਼ਮ ਆਪਣੀ ਮੰਦਭਾਗੀ ਜ਼ਿੰਦਗੀ ਦੇ ਅਸਲੀ ਨਰਕ ਤੋ ਨਾਵਾਕਿਫ਼ ਸੀ। ਉਸ ਨੂੰ ਗਰੀਬੀ ਦੀ ਜ਼ਿੰਦਗੀ ਜਿਉਣ ਦੀ ਆਦਤ ਪੈ ਚੁੱਕੀ ਸੀ। ਉਹ ਸਿਰਫ ਦਿਨ ਟਪਾਈ ਦੇ ਹੀਲੇ ਹੀ ਕਰਦਾ ਸੀ। ਆਪਣੇ ਨਰਕ ਤੋ ਖਲਾਸੀ ਪਾਉਣ ਬਾਰੇ ਯਤਨ ਕਰਨਾ ਤਾਂ ਇੱਕ ਪਾਸੇ, ਉਸ ਨੇ ਕਦੇ ਇਸ ਬਾਰੇ ਸੋਚਿਆ ਵੀ ਨਹੀਂ ਸੀ। ਗੁਰਦਿਆਲ ਸਿੰਘ ਨੂੰ ਰੇਸ਼ਮ ਦੀ ਨਾਸਮਝੀ ਤੇ ਭੋਲ਼ੇਪਨ ਤੇ ਤਰਸ ਆਉਂਦਾ ਸੀ। ਸ਼ਾਇਦ ਇਸ ਤਰਸ ਤੇ ਬੋਝ ਥੱਲੇ ਹੀ ਉਸ ਨੇ ਰੇਸ਼ਮ ਆਪਣੇ ਨੇੜੇ ਦੇ ਉਸ ਘੇਰੇ ਵਿੱਚ ਆਉਣ ਦੀ ਇਜਾਜ਼ਤ ਦੇ ਦਿੱਤੀ ਸੀ ਜਿਹਦੀ ਲਕਸ਼ਮਣ ਰੇਖਾ ਉਸ ਦੀ ਆਪਣੀ ਘਰਵਾਲ਼ੀ ਜਾਂ ਬੱਚੇ ਵੀ ਨਾ ਟੱਪ ਸਕੇ। 

“ਕੀ ਕਰਾਂ, ਸਾਲ਼ਾ ਮੇਰਾ ਭਾਵੁਕ ਦਿਲ,” ਜਦ ਕਦੇ ਉਹ ਰੇਸ਼ਮ ਤੋਂ ਅੱਕ ਜਾਂਦਾ ਤਾਂ ਆਪਣੇ ਆਪ ਨੂੰ ਇਹ ਕਹਿ ਕੇ ਮਨਾ ਲੈਂਦਾ।ਫਿਰ ਉਹ ਕਦੇ ਸੋਚਦਾ ਕਿ ਸ਼ਾਇਦ ਇਨ੍ਹਾਂ ਸਲ੍ਹਾਬੇ ਜਿਹੇ ਅਹਿਸਾਸਾਂ ਨੂੰ ਹੀ ਦੋਸਤੀ ਕਹਿੰਦੇ ਨੇ। 

ਮਾਸਟਰ ਹੋਣ ਦੇ ਨਾਤੇ ਇੱਕ ਦਿਨ ਗੁਰਦਿਆਲ ਸਿੰਘ ਨੇ ਆਪਣੀ ਘੁਣ-ਖਾਧੀ ਕੁਰਸੀ ਤੇ ਬਹਿੰਦਿਆਂ ਰੇਸ਼ਮ ਨੂੰ ਪੁੱਛਿਆ, “ਤੇਰੇ ਨਿਆਣੇ ਪੜ੍ਹਦੇ ਨੇ?” 

“ਹਾਂ ਜੀ, ਜਾਂਦੇ ਨੇ ਸਰਕਾਰੀ ਸਕੂਲ,” ਰੇਸ਼ਮ ਨੇ ਬੀੜੀ ਦਾ ਧੂੰਆਂ ਪਰ੍ਹੇ ਨੂੰ ਸੁੱਟਦਿਆਂ ਕਿਹਾ। 

“ਪੜ੍ਹਾ ਲਈਂ ਉਨ੍ਹਾਂ ਨੂੰ!” 

“ਕੋਸ਼ਿਸ਼ ਤਾਂ ਹੈ ਮਾਸਟਰ ਜੀ,” ਰੇਸ਼ਮ ਨੇ ਬੀੜੀ ਮੁਕਾ ਕੇ ਪਰ੍ਹੇ ਨੂੰ ਸੁੱਟ ਦਿੱਤੀ ਤੇ ਆ ਕੇ ਮਾਸਟਰ ਹੁਣਾਂ ਕੋਲ਼ ਪੀਲਪਾਵੇ ਨਾਲ਼ ਢੋਹ ਲਾ ਕੇ ਬੈਠ ਗਿਆ।

ਗੁਰਦਿਆਲ ਸਿੰਘ ਕੁੱਝ ਦੇਰ ਸੋਚਾਂ ਵਿੱਚ ਪਿਆ ਰਿਹਾ। ਫਿਰ ਉਸ ਨੇ ਹਿੰਮਤ ਕਰ ਕੇ ਕਹਿ ਹੀ ਦਿੱਤਾ, “ਮੈਂ ਤਾਂ ਕਹਿੰਨਾ, ਪਈ ਕਿਤੇ ਆਪਣੇ ਵਾਂਗ ਨਾ ਰੱਖ ਲਈਂ।”

ਗੁਰਦਿਆਲ ਸਿੰਘ ਨੂੰ ਆਸ ਸੀ ਕਿ ਰੇਸ਼ਮ ਉਸ ਤੋਂ ਸਮਾਜਿਕ ਬਰਾਬਰਤਾ ਲਈ ਪੜ੍ਹਾਈ ਦੇ ਯੋਗਦਾਨ ਬਾਰੇ ਕੁੱਝ ਨਾ ਕੁੱਝ ਜ਼ਰੂਰ ਪੁੱਛੇਗਾ। ਪਰ ਰੇਸ਼ਮ ਨੇ ਕਿਸੇ ਸੋਚ ਜਾਂ ਠਹਿਰਾਓ ਤੋਂ ਬਿਨਾਂ, ਜੋ ਕਿ ਦਿਮਾਗ ਵਿੱਚ ਇਹੋ ਜਿਹੇ ਸਵਾਲ ਦੀ ਪੈਦਾਇਸ਼ ਲਈ ਜ਼ਰੂਰੀ ਸੀ , ਕਿਹਾ, “ਪੜ੍ਹ ਤਾਂ ਜੀ ਮੈਂ ਵੀ ਜਾਣਾ ਸੀ, ਪਰ ਕਿਸਮਤ ‘ਚ ਆਹੀ ਲਿਖਿਆ ਸੀ ਸ਼ਾਇਦ।”

ਇਹੀ ਗੱਲ ਮਾਸਟਰ ਰੇਸ਼ਮ ਦੇ ਦਿਮਾਗ ਵਿੱਚੋਂ ਕੱਢਣੀ ਚਾਹੁੰਦਾ ਸੀ। ਉਹ ਉਸ ਨੂੰ ਟੁੱਟ ਕੇ ਪਿਆ, “ਕਿਸਮਤ? ਕਿਹੜੀ ਕਿਸਮਤ? ਸਾਡੀ ਕਿਸਮਤ ਸਾਡੇ ਆਪਣੇ ਹੱਥਾਂ ‘ਚ ਹੀ ਹੁੰਦੀ ਏ। ਤੁਸੀਂ ਆਪਣੀ ਨਾਕਾਮਯਾ…।”

ਪਰ ਰੇਸ਼ਮ ਨੇ ਜੋ ਉਸ ਨੂੰ ਟੋਕਦਿਆਂ ਕਿਹਾ, ਗੁਰਦਿਆਲ ਸਿੰਘ ਨੂੰ ਉਸ ਦੀ ਆਸ ਨਹੀਂ ਸੀ, “ਨਹੀਂ ਮਾਸਟਰ ਜੀ। ਸਾਡੀ ਕਿਸਮਤ ਤਾਂ ਤੁਹਾਡੇ ਹੱਥਾਂ ਵਿੱਚ ਸੀ। ਤੇ ਤੁਸੀਂ ਸਾਡੇ ਮੋਢੇ ਤੋਂ ਬਸਤਾ ਲੁਹਾ ਕਿ ਸਿਰ ਤੇ ਗੋਹੇ ਦਾ ਟੋਕਰਾ ਚੁਕਾਤਾ।”

“ਮੈਂ ਚੁਕਾਤਾ, ਉਹ ਕਿੱਦਾਂ?”

ਰੇਸ਼ਮ ਨੇ ਆਪਣੇ ਪੈਰ ਸੂਤ ਕੀਤੇ ਤੇ ਹੌਂਸਲਾ ਕਰਕੇ ਕਹਿਣ ਲੱਗਾ, “ਮੇਰੇ ਜੀ ਪੰਜਵੀਂ ‘ਚੋਂ ਚੰਗੇ ਨੰਬਰ ਆਏ ਸੀ। ਪਰ ਜਦੋਂ ਅਸੀਂ ਮਿਡਲ ਸਕੂਲ ਗਏ ਛੇਵੀਂ ‘ਚ, ਤਾਂ ਉੱਥੇ ਸਾਡੇ ਤੁਸੀਂ ਇੰਚਾਰਜ ਬਣ ਗਏ।”

“ਅੱਛਾ!” ਮਾਸਟਰ ਗੁਰਦਿਆਲ ਸਿੰਘ ਨੇ ਖੁਸ਼ ਹੁੰਦਿਆਂ ਕਿਹਾ।ਉਸ ਨੂੰ ਯਾਦ ਨਹੀਂ ਸੀ ਕਿ ਰੇਸ਼ਮ ਉਸਦਾ ਵਿਦਿਆਰਥੀ ਵੀ ਰਿਹਾ ਸੀ । “ਪਰ ਪੜ੍ਹਿਆ ਕਿਉਂ ਨ੍ਹੀਂ, ਇਹ ਦੱਸ ਨਾਂਹ!”

“ਪਹਿਲੇ ਦਿਨ ਹੀ ਤੁਸੀਂ ਖੜੇ ਕਰ ਲਏ ਜੱਟ, ਚਮਾਰ, ਬ੍ਰਾਹਮਣ, ਖੱਤਰੀ, ਤਰਖਾਣ। ਤੇ ਫਿਰ ਬਿਠਾ ਦਿੱਤਾ, ਜੱਟਾਂ ਨੂੰ ਸਭ ਤੋਂ ਸਾਹਮਣੇ ਤੇ ਚਮਾਰਾਂ ਨੂੰ ਸਭ ਤੋਂ ਪਿੱਛੇ।”

ਇੱਕ ਅਦਿੱਖ ਸੱਪ ਦੇ ਫੂੰਕਾਰੇ ਤੋਂ ਬਚਣ ਲਈ ਮਾਸਟਰ ਨੇ ਆਪਣਾ ਸਿਰ ਇੱਧਰ ਉੱਧਰ ਹਿਲਾਇਆ। ਉਸ ਦੇ ਹੱਥਾਂ ਨੂੰ ਕਾਂਬਾ ਛਿੜ ਗਿਆ। ਪਰ ਥਥਲ਼ਾਉਂਦੀ ਜ਼ੁਬਾਨ ਤੇ ਕਾਬੂ ਕਰਕੇ ਉਸ ਨੇ ਇੱਕ ਝੂਠੀ ਜਿਹੀ ਮੁਸਕਾਨ ਚਿਹਰੇ ਤੇ ਲਿਆਉਂਦਿਆਂ ਕਿਹਾ, “ਓਹ ਭੈੜਿਆ! ਆਦਿ-ਧਰਮੀ ਕਹੀਦਾ। ਨਾਲ਼ੇ ਇਹ ਵੀ ਕੋਈ ਗੱਲ ਸੀ? ਇਹ ਤਾਂ ਮੈਂ ਕਦੇ ਕਦੇ ਤਾਂ ਕਰਦਾ ਹੁੰਦਾ ਸੀ ਕਿਉਂਕਿ ਜੱਟਾਂ ਦੇ ਨਿਆਣੇ ਸਾਲ਼ੇ ਸ਼ਰਾਰਤੀ ਬਹੁਤ ਹੁੰਦੇ ਆ।ਮਾਸਟਰ ਦੇ ਨੇੜੇ ਹੋਣ ਤਾਂ ਜ਼ਰਾ ਨਜ਼ਰ ‘ਚ ਰਹਿੰਦੇ ਆ।”

“ਨਹੀਂ ਜੀ। ਇਹ ਗੱਲ ਨਹੀਂ ਸੀ।” ਰੇਸ਼ਮ ਨੇ ਅਸਹਿਮਤੀ ਪ੍ਰਗਟ ਕੀਤੀ।

“ਤਾਂ ਹੋਰ ਕੀ ਫਿਰ?”

“ਫੇਰ ਜੀ ਤੁਸੀਂ ਸ਼ੁਰੂ ਕੀਤਾ ਸਾਨੂੰ ਚਮਾਰਾਂ ਨੂੰ ਗੱਲ ਗੱਲ ਤੇ ਡਾਂਟਣਾ। ਪਹਿਲਾਂ ਤੁਸੀਂ ਕਲਾਸ ‘ਚੋਂ ਕੁੱਟ ਕੇ ਕੱਢ ਦੇਣਾ ਤੇ ਫਿਰ ਘਰ ਜਾਣਾ ਤਾਂ ਘਰਦਿਆਂ ਨੇ ਕੁੱਟਣਾ।ਇੱਕ ਦਿਨ ਜਦ ਤੁਸੀਂ ਮੈਨੂੰ ਕਮਰੇ ‘ਚੋਂ ਕੱਢਿਆ ਤਾਂ ਮੈਂ ਉੱਥੇ ਹੀ ਦਰ ਦੇ ਬਾਹਰ ਬਹਿ ਗਿਆ। ਸ਼ਾਇਦ ਆਖਰੀ ਚਮਾਰ ਸੀ ਮੈਂ ਤੁਹਾਡੀ ਕਲਾਸ ‘ਚ।ਮੇਰੇ ਨਿਕਲ਼ਦਿਆਂ ਹੀ ਤੁਸੀਂ ਅੰਦਰ ਹੱਸ ਹੱਸ ਕੇ ਕਹਿ ਰਹੇ ਸੀ, ‘ਜੇ ਇਹ ਕੰਜਰ ਪੜ੍ਹ ਗਏ, ਤਾਂ ਜੱਟਾਂ ਦਿਆਂ ਖੇਤਾਂ ‘ਚ ਕੰਮ ਕੌਣ ਕਰੂ? ਵੇਖੀ ਜਾਇਓ, ਮੈਂ ਤਾਂ ਡੰਡੇ ਮਾਰ ਮਾਰ ਕੇ ਸਾਲ਼ੇ ਭਜਾ ਦੇਣੇ ਆਂ ਸਾਰੇ ਈ।’ ਤੇ ਫਿਰ ਸਾਰੀ ਕਲਾਸ ਤੁਹਾਡੇ ਨਾਲ਼ ਖਿੜ-ਖਿੜ ਕਰਦੀ ਹੱਸੀ। ਮੈਂ ਜੀ ਫਿਰ ਓਦਣ ਦਾ ਸਕੂਲੋਂ ਆਇਆ ਮੁੜ ਕੇ ਨ੍ਹੀਂ ਗਿਆ। ਮੈਂ ਸੋਚਿਆ ਪੜ੍ਹਨ ਤਾਂ ਤੁਸੀਂ ਦੇਣਾ ਹੀ ਨਹੀਂ, ਜਰੂਰੀ ਰੋਜ਼ ਡੰਡੇ ਖਾਣੇ ਨੇ। ਤੇ ਜੀ ਆਹ ਲਓ, ਤੁਹਾਡਾ ਸੁਪਨਾ ਸਾਕਾਰ ਹੋ ਗਿਆ, ਕਰ ਰਹੇ ਹਾਂ ਤੁਹਾਡੇ ਖੇਤਾਂ ਵਿੱਚ ਕੰਮ।”

ਗੁਰਦਿਆਲ ਸਿੰਘ ਦਾ ਚਿਹਰਾ ਪੀਲ਼ਾ ਹੋ ਗਿਆ। ਉਸ ਨੂੰ ਕੋਈ ਗੱਲ ਨਾ ਸੁੱਝੀ। ਰੇਸ਼ਮ ਨੇ ਉੱਠਦਿਆਂ ਕਿਹਾ, “ਚੰਗਾ ਜੀ, ਮੈਂ ਚਲਦਾਂ ਫਿਰ।”

“ਚੰਗਾ,” ਗੁਰਦਿਆਲ ਸਿੰਘ ਨੇ ਹੌਲ਼ੀ ਜਿਹੇ ਕਿਹਾ। ਜਿਉਂ ਹੀ ਰੇਸ਼ਮ ਜਾਣ ਲਈ ਮੁੜਿਆ, ਗੁਰਦਿਆਲ ਸਿੰਘ ਨੇ ਪਿੱਛਿਓਂ ਸੱਦਿਆ, “ਰੇਸ਼ਮਾਂ!”

ਰੇਸ਼ਮ ਖੜ ਗਿਆ। ਗੁੱਸੇ ਨੂੰ ਠੰਡਾ ਕਰਨ ਲਈ ਚੜ੍ਹਿਆ ਗੰਗਾ ਦਾ ਪਾਣੀ ਮਾਸਟਰ ਗੁਰਦਿਆਲ ਸਿੰਘ ਦੇ ਕੰਬਦੇ ਬੁੱਲਾਂ ਵਿੱਚੋਂ ਥੁੱਕ ਬਣ ਕੇ ਬਾਹਰ ਡਿਗ ਰਿਹਾ ਸੀ। ਉਸ ਨੇ ਬੜੀ ਘਿਰਣਾ ਭਰੀ ਅਵਾਜ਼ ਵਿੱਚ ਕਿਹਾ, “ਜੇ ਐਨਾ ਹੀ ਬੁਰਾ ਆਦਮੀ ਹਾਂ ਮੈਂ, ਤਾਂ ਤੂੰ ਮੇਰੇ ਲਈ ਨੱਠ-ਭੱਜ ਕਾਹਦੇ ਲਈ ਕਰਦੈਂ?”

ਰੇਸ਼ਮ ਨੇ ਦੋਵੇਂ ਹੱਥ ਮਲ਼ਦਿਆਂ ਕਿਹਾ, “ਮਾਸਟਰ ਜੀ ਕਈ ਵਾਰੀ ਸਾਲ਼ੀ ਜ਼ਿੰਦਗੀ ਨਰਕ ਜਿਹੀ ਲੱਗਦੀ ਆ। ਜਦ ਕਦੀ ਲਗਦਾ ਪਈ ਰੱਬ ਨੇ ਬੜੀ ਬੁਰੀ ਕੀਤੀ ਏ ਸਾਡੇ ਨਾਲ਼, ਉਦੋਂ ਆ ਕੇ ਵੇਖ ਜਾਈਦਾ ਪਈ ਤੁਹਾਡੇ ਨਾਲ਼ੋਂ ਤਾਂ ਚੰਗੇ ਹੀ ਹਾਂ।”

ਰੇਸ਼ਮ ਚਲਾ ਗਿਆ। ਗੁਰਦਿਆਲ ਸਿੰਘ ਸਾਰੀ ਰਾਤ ਉਸੇ ਕੁਰਸੀ ਉੱਤੇ ਬੈਠਾ ਰਿਹਾ। ਸਵੇਰੇ ਗੁਆਂਢੀਆਂ ਨੇ ਉਸਦੇ ਭਰਾ ਦੇ ਟੱਬਰ ਨੂੰ ਖਬਰ ਕੀਤੀ। ਜਦ ਸੰਸਕਾਰ ਤੋਂ ਮੁੜ ਰਹੇ ਸੀ ਤਾਂ ਮਾਸਟਰ ਗੁਰਦਿਆਲ ਸਿੰਘ ਦੇ ਸਭ ਤੋਂ ਛੋਟੇ ਭਰਾ ਹਰਦਿਆਲ ਨੇ ਰੇਸ਼ਮ ਨੂੰ ਪੁੱਛਿਆ, “ਰੇਸ਼ਮਾਂ ਬਿਮਾਰ ਸੀ ਭਾਈ ਸਾਡਾ?”

“ਨਹੀਂ ਜੀ, ਬਿਮਾਰ ਤੇ ਨਹੀਂ ਸੀ। ਇਹ ਤਾਂ ਜੀ ਬਸ ਪਛਤਾਵਾ ਹੀ ਲੈ ਬੈਠਾ ਉਨ੍ਹਾਂ ਨੂੰ।” ਰੇਸ਼ਮ ਨੇ ਜਵਾਬ ਦਿੱਤਾ।

“ਅੱਛਾ!” ਕਹਿ ਕੇ ਹਰਦਿਆਲ ਚਲਾ ਗਿਆ। ਉਸ ਨੇ ਇਹ ਪੁੱਛਣ ਦੀ ਜ਼ਰੂਰਤ ਨਾ ਸਮਝੀ ਕਿ ਕਿਸ ਚੀਜ਼ ਦਾ ਪਛਤਾਵਾ? ਸ਼ਾਇਦ ਉਸ ਦੇ ਮਨ ਵਿੱਚ ਆਪਣੇ ਹੋਰ ਬਥੇਰੇ ਕਾਰਣ ਸਨ।

ਕਿੰਨਾ ਚੇਤਾ ਆਵੇਗਾ

ਜਦੋਂ ਜੰਗ ਸ਼ੋਹਰਤਾਂ ਦੀ ਮਨ ਹਾਰ ਜਾਵੇਗਾ
ਮੇਰੀਆਂ ਗੱਲਾਂ ਦਾ ਵੇਖੀਂ! ਕਿੰਨਾ ਚੇਤਾ ਆਵੇਗਾ

ਫੋਕੀ ਹਮਦਰਦੀ ਨਾ ਪੰਡੀਂ ਸਾਂਭੀ ਜਾਵੇਗੀ
ਘੁੱਟ ਨੰਗੇ ਸੀਨੇ ਨਾਲ਼ ਕੌਣ ਤੈਨੂੰ ਲਾਵੇਗਾ

ਛੋਟੇ ਛੋਟੇ ਕਰਕੇ ਮਜ਼ਾਕ ਗਿੱਲੇ ਹੱਥਾਂ ‘ਚੋਂ
ਫਾੜੀਆਂ ‘ਚ ਕੱਟੇ ਖੱਟੇ ਸੇਬ ਕੌਣ ਖਾਵੇਗਾ

ਬੀਤਿਆਂ ਜੁਗਾਂ ਦੇ ਕਿੱਸੇ ਸੁਣੇ ਨੇ ਹਜ਼ਾਰ
ਕੌਣ ਕਿੱਸਾ ਸਾਡਾ ਭਲਾ ਕਿਸ ਨੂੰ ਸੁਣਾਵੇਗਾ

ਫੁੱਲ ਸੁੱਕ ਜਾਵੇਗਾ ਤੇ ਬੂਟਾ ਮੁੱਕ ਜਾਵੇਗਾ
ਪੁੱਟ ਬਾਗ ਏਥੇ ਕੋਈ ਕੋਠੀਆਂ ਬਣਾਵੇਗਾ

ਕੋਠੀਆਂ ਦੇ ਵਿਹੜਿਆਂ ‘ਚ ਲਾਏ ਗਏ ਬਦੇਸ਼ੀ
ਬੂਟਿਆਂ ਨੂੰ ਤੇਰਾ ਸੁਪਨਾ ਵੀ ਨਹੀਂ ਆਵੇਗਾ

ਮਿੱਟੀ ਵਿੱਚ ਧਸ ਜਾਣੇ ਲਾਵਾ ਬਣ ਰੰਗ
ਅੰਬਰਾਂ ਨੂੰ ਅੱਗ ਸਮਾਂ ਆਉਣ ਵਾਲ਼ਾ ਲਾਵੇਗਾ

ਦੁਨੀਆਂ ਉਜਾੜ ਸਾੜ ਸੁਪਨੇਂ ਸੁਨਹਿਰੀ
ਕਹਿਰ ਵੀ ਇਹ ਸੀਨੇ ਵਾਲ਼ੀ ਅੱਗ ਨਾ ਬੁਝਾਵੇਗਾ

ਨਿੱਕੀ ਜਿਹੀ ਪਈ ਅੱਜ ਦਿਲ ‘ਚ ਤਰੇੜ
ਸਮੇਂ ‘ਚ ਤਰੇੜਾਂ ਟੁੱਟਾ ਦਿਲ ਵੇਖੀਂ ਪਾਵੇਗਾ

ਸੂਰਜ ਦਾ ਦੀਵਾ ਜਦੋਂ ਜਲ਼-ਬੁਝ ਜਾਵੇਗਾ
ਮੇਰੀਆਂ ਗੱਲਾਂ ਦਾ ਵੇਖੀਂ! ਕਿੰਨਾ ਚੇਤਾ ਆਵੇਗਾ

-ਸੰਗਤਾਰ

ਇੰਨੇ ਸਾਨੂੰ ਦਰਦ ਦਿੱਤੇ

ਇੰਨੇ ਸਾਨੂੰ ਦਰਦ ਦਿੱਤੇ ਦਰਦੀਆਂ
ਹੁਣ ਨਹੀਂ ਵਿਸ਼ਵਾਸ਼ ਅੱਖਾਂ ਕਰਦੀਆਂ

ਰਹਿ ਗਿਆ ਬੁਜ਼ਦਿਲ ਕਿ ਲੱਤਾਂ ਮੇਰੀਆਂ
ਕੰਬੀਆਂ ਮਕਤਲ ਦੇ ਪੌਡੇ ਚੜ੍ਹਦੀਆਂ

ਸ਼ਖ਼ਸ ਹਰ ਰਾਜ਼ੀ ਏ ਕੈਦੀ ਹੋਣੇ ਨੂੰ
ਆਖ ਕੇ ਕੰਧਾਂ ਇਹ ਮੇਰੇ ਘਰ ਦੀਆਂ

ਝਰਨਿਆਂ ਨੂੰ ਖ਼ੌਫ਼ ਸਾਗਰਾਂ ਦਾ ਜਿਉਂ
ਸੁਪਨਿਆਂ ਤੋਂ ਇੰਞ ਨੀਂਦਾਂ ਡਰਦੀਆਂ

ਟਾਹਲੀਆਂ ਤਾਂ ਘੂਕ ਨੇ ਸੌਂ ਜਾਂਦੀਆਂ
ਅੰਬ ਨੂੰ ਪੁੱਛ ਕਿੰਞ ਗੁਜ਼ਰਨ ਸਰਦੀਆਂ

ਪਰਤ ਕੇ ਲਾਸ਼ਾਂ ਹੀ ਵਾਪਿਸ ਆਉਂਦੀਆਂ
ਜੰਗ ’ਤੇ ਘੱਲਦੇ ਨੇ ਭਾਵੇਂ ਵਰਦੀਆਂ

ਰੋਣ ਛਿੱਲੇ ਪੋਟਿਆਂ ’ਤੇ ਬੈਠੀਆਂ
ਡੋਲ ਜੋ ਵੀ ਹਾਸਿਆਂ ਦਾ ਭਰਦੀਆਂ

ਕਹਿਣ ਜਿੱਦਾਂ ਜਿੱਤਣਾ ਤਗ਼ਮਾ ਕੋਈ
ਸਾਡੀਆਂ ਕੁੜੀਆਂ ਵੀ ਕਾਲਿਜ ਪੜ੍ਹਦੀਆਂ।

-ਸੰਗਤਾਰ

ਨਵਾਂ ਸਾਲ

ਨਵੇਂ ਸਾਲ ਦੀ ਨਵੀਂ ਦਹਿਲੀਜ਼ ਉਤੇ,
ਦੀਵੇ ਬਾਲ਼ ਕੇ ਮੰਗੀਏ ਖ਼ੈਰ ਯਾਰੋ।
ਵਸੇ ਸ਼ਾਂਤੀ ਜੱਗ ਤੇ ਮਿਹਰ ਹੋਵੇ,
ਮੁੱਕੇ ਈਰਖਾ ਹਿਰਖ਼ ਤੇ ਵੈਰ ਯਾਰੋ।
ਮੋਤੀ ਪਿਆਰ ਦੇ ਹੋਣ ਸੰਗਤਾਰ ਹੰਝੂ,
ਫੁੱਲ ਬਣੇ ਮੁਸਕਾਨ ਹਰ ਮੁੱਖ ਉਤੇ,
ਵਗੇ ਜੱਗ ਤੇ ਪਿਆਰ ਦੀ ਹਵਾ ਠੰਡੀ,
ਪਿੰਡ ਪਿੰਡ ਯਾਰੋ, ਸ਼ਹਿਰ ਸ਼ਹਿਰ ਯਾਰੋ।

-ਸੰਗਤਾਰ

ਤਸਵੀਰ

ਜੋਰਾਵਰ ਫਤਿਹ ਦੀ ਅੱਖ ਮੁਸਕਾ ਰਹੀ ਹੈ
ਮਾਂ ਗੁਜਰੀ ਇੱਕ ਪਾਸੇ ਰੱਬ ਧਿਆ ਰਹੀ ਹੈ
ਕੰਧ ਉਸਰਦੀ ਜਾ ਰਹੀ ਹੈ

ਆਪਾਂ ਜੱਗ ਨੂੰ ਕਹਿੰਦੇ ਹਾਂ ਇਹ ਸਾਡੇ ਪੁਰਖੇ
ਕੀਤੇ ਪੱਧਰੇ ਰਾਹ ਜਿਹਨਾਂ ਸੂਲ਼ਾਂ ’ਤੇ ਤੁਰਕੇ
ਮਾਣ ਅਸਾਨੂੰ ਆਪਣੀ ਏਸ ਵਿਰਾਸਤ ਉੱਤੇ
ਇਨ੍ਹਾਂ ਕਰਕੇ ਤੁਰਦੇ ਹਾਂ ਸਿਰ ਕਰਕੇ ਉੱਚੇ
ਅੱਜ ਪਤਾ ਨ੍ਹੀਂ ਕਿਉਂ ਸ਼ਰਮ ਜਿਹੀ ਆ ਰਹੀ ਹੈ
ਕੰਧ ਉਸਰਦੀ ਜਾ ਰਹੀ ਹੈ

ਅੱਜ ਵਰਗਾ ਉਹ ਦਿਨ ਵੀ ਇੰਞ ਹੀ ਚੜ੍ਹਿਆ ਹੋਣਾ
ਤ੍ਰੇਲ ਨੇ ਹੰਝੂਆਂ ਵਾਂਗ ਫੁੱਲਾਂ ਨੂੰ ਫੜਿਆ ਹੋਣਾ
ਜਿਉਂ ਜਿਉਂ ਕਦਮ ਜੁਆਕਾਂ ਕੰਧ ਵੱਲ ਪੁੱਟੇ ਹੋਣੇ
ਧੂੜ ਦੇ ਛੋਟੇ ਛੋਟੇ ਬੱਦਲ਼ ਉੱਠੇ ਹੋਣੇ
ਗਰਦ ਉਹ ਮੇਰੇ ਗਲ਼ ਨੂੰ ਚੜ੍ਹਦੀ ਆ ਰਹੀ ਹੈ
ਕੰਧ ਉਸਰਦੀ ਜਾ ਰਹੀ ਹੈ

ਇੱਟਾਂ ਠੰਡੀਆਂ ਠੰਡੀਆਂ ਨਾਲ਼ੇ ਗਾਰਾ ਠੰਡਾ
ਤਨ ਕਰ ਦਿੱਤਾ ਹੋਣਾ ਚਿਣਗਾਂ ਸਾਰਾ ਠੰਡਾ
ਗੋਡੇ ਗੋਡੇ ਉੱਸਰੀ ਕੰਧ ’ਚ ਲੱਤਾਂ ਜੜੀਆਂ
ਸ਼ਾਇਦ ਵੇਖੀਆਂ ਹੋਣ ਹਿਲਾ ਰਦਿਆਂ ਨੇ ਫੜੀਆਂ
ਭਾਰ ਚੀਜ਼ ਕੋਈ ਤਨ ਮੇਰੇ ਤੇ ਪਾ ਰਹੀ ਹੈ
ਕੰਧ ਉਸਰਦੀ ਜਾ ਰਹੀ ਹੈ

ਘੁੱਟ ਘੁੱਟ ਕੇ ਇੱਟਾਂ ਜਦ ਛਾਤੀ ਤੀਕਰ ਆਈਆਂ
ਜਿਸਮ ਹਿਲਾ ਲਾਚਾਰ ਵੇਖਿਆ ਹੋਊ ਭਾਈਆਂ
ਛਾਤੀ ਦੇ ਵਿੱਚ ਘੁੱਟੀ ਹਵਾ ਜੋ ਤੰਗ ਹੋਏਗੀ
ਗਿੱਲੀਆਂ ਇੱਟਾਂ ਦੀ ਉਹਦੇ ਵਿੱਚ ਗੰਧ ਹੋਏਗੀ
ਗੰਧ ਉਹ ਮੇਰੇ ਸਿਰ ਨੂੰ ਕਿਉਂ ਘੁਮਾ ਰਹੀ ਹੈ
ਕੰਧ ਉਸਰਦੀ ਜਾ ਰਹੀ ਹੈ

ਘੁੱਟਿਆ ਸਾਹ ਬੇਹੋਸ਼ ਗੁਰੂ ਦੇ ਲਾਲ ਹੋ ਗਏ
ਹੁਣ ਤੱਕ ਸੰਭਲ਼ੇ ਕਾਤਲ ਵੀ ਬੇਹਾਲ ਹੋ ਗਏ
ਦੋ ਮਾਸੂਮ ਦਿਲਾਂ ਦੀ ਧੜਕਣ ਬੰਦ ਹੋ ਗਈ
ਰਾਜ ਬਣੇ ਹਤਿਆਰੇ ਕਾਤਿਲ ਕੰਧ ਹੋ ਗਈ
ਕਿਉਂ ਹੋਏ? ਇਹ ਗੱਲ ਮਨ ਨੂੰ ਉਲ਼ਝਾ ਰਹੀ ਹੈ
ਕੰਧ ਉਸਰਦੀ ਜਾ ਰਹੀ ਹੈ

ਵਿੱਚ ਸਰਹੰਦ ਦੇ ਦੋ ਬੱਚਿਆਂ ਦੀਆਂ ਪਈਆਂ ਲ਼ਾਸ਼ਾਂ
ਕੁਝ ਦੂਰੀ ਤੇ ਮਾਂ ਗੁਜਰੀ ਦੀਆਂ ਢਈਆਂ ਆਸਾਂ
ਸਾਰੇ ਜਗਤ ਖੜੋ ਕੇ ਇੱਕ ਦੋ ਹੰਝੂ ਕੇਰੇ
ਫਿਰ ਆਪਣੇ ਕੰਮ ਤੁਰ ਪਏ ਭੁੱਲ ਕੇ ਨੀਲੇ ਚਿਹਰੇ
‘ਕੁੱਝ ਨੀਂ੍ਹ ਏਥੇ’ ਮਾਂ ਪੁੱਤ ਨੂੰ ਸਮਝਾ ਰਹੀ ਏ
ਕੰਧ ਉਸਰਦੀ ਜਾ ਰਹੀ ਹੈ

ਰੱਬ ਦੀ ਰਜ਼ਾ ’ਚ ਹਿੰਦੂ ਮੁਸਲਮਾਨ ਤੇ ਸਿੱਖ ਨੇ
ਜੇ ਉਸਦੀ ਅੱਖ ਦੇ ਵਿੱਚ ਸਾਰੇ ਬੰਦੇ ਇੱਕ ਨੇ
ਕਿਉਂ ਇਤਹਾਸ ਸਾਰੇ ਦਾ ਫਿਰ ਹਰ ਲਾਲ ਸਫ਼ਾ ਏ
ਕਿਉਂ ਫਿਰ ਹਰ ਇੱਕ ਕੌਮ ਦੂਜੀ ਦੇ ਨਾਲ਼ ਖ਼ਫ਼ਾ ਏ
ਭੁੱਲ ਕੇ ਰਾਹ ਦੁਨੀਆਂ ਕਿਉਂ ਗੋਤੇ ਖਾ ਰਹੀ ਹੈ
ਕੰਧ ਉਸਰਦੀ ਜਾ ਰਹੀ ਹੈ
ਕੰਧ ਉਸਰਦੀ ਜਾ ਰਹੀ ਹੈ।

-ਸੰਗਤਾਰ