ਰੁੱਖਾਂ ਨੇ…

ਰੁੱਖਾਂ ਨੇ ਇੱਕ ਬਾਤ ਸੁਣਾਈ ਬੰਦੇ ਨੂੰ
’ਵਾ ਦੀ ਸ਼ੂਕਰ ਸਮਝ ਨਾ ਆਈ ਬੰਦੇ ਨੂੰ

ਕਿੰਨੀ ਵਾਰੀ ਬੰਦੇ ਕੋਲ਼ੋਂ ਪੜ੍ਹ ਪੜ੍ਹ ਕੇ
ਬੰਦਿਆਂ ਸਿੱਖਿਆ ਹੋਰ ਪੜ੍ਹਾਈ ਬੰਦੇ ਨੂੰ

ਕਰ ਕਰ ਖੋਜਾਂ ਅਕਲ ਵਧਾਈ ਜਾਂਦਾ ਏ
ਕੀਤਾ ਅਕਲ ਦੀ ਖੋਜ ਸ਼ੁਦਾਈ ਬੰਦੇ ਨੂੰ

ਪਰਖ ਰਿਹਾ ਸਤ ਪੱਤੇ ਫਲ਼ ਤੇ ਫੁੱਲਾਂ ਦੇ
ਰੁੱਖ ਬਣਾਈ ਜ਼ਹਿਰ ਦੁਆਈ ਬੰਦੇ ਨੂੰ

ਜਾਂ ਲੁੱਟੂ ਜਾਂ ਮਾਰੂ ਜਾਂ ਪਰਸ਼ਾਨ ਕਰੂ
ਕਿੰਨੀ ਮੁਸ਼ਕਿਲ ਬੰਦੇ ਪਾਈ ਬੰਦੇ ਨੂੰ

ਭਰਮ ਭੁਲੇਖੇ ਕੱਢਣ ਖਾਤਿਰ ਬੰਦਿਆਂ ਨੇ
ਰੱਬ ਦੇ ਨਾਂ ਦੀ ਰੱਟ ਲਗਵਾਈ ਬੰਦੇ ਨੂੰ।

-ਸੰਗਤਾਰ

ਵਿਸਾਖੀ

ਇੱਕ ਵਾਰ ਵਿਸਾਖੀ ਦੇ ਦਿਨ ਉੱਤੇ,
ਲੱਖਾਂ ਲੋਕ ਅਨੰਦਪੁਰ ਸਾਹਿਬ ਆਏ।
ਪਹਿਲਾਂ ਪੰਜ ਫਿਰ ਕਈ ਹਜ਼ਾਰ ਉੱਠੇ,
ਜਿਹੜੇ ਗੁਰੂ ਪਿਆਰੇ ਕਹਿ ਗਲ਼ ਲਾਏ।
ਅਸਾਂ ਤੁਸਾਂ ਦੇ ਲਈ ਕੁਰਬਾਨ ਹੋਏ,
ਰੱਖਣ ਵਾਸਤੇ ਕੌਮ ਦਾ ਨਾਮ ਜਿਉਂਦਾ,
ਗੱਲਾਂ ਦੱਸਿਆ ਕਰੋ ਇਹ ਬੱਚਿਆਂ ਨੂੰ,
ਸੂਰਜ ਚਮਕਦਾ ਕਿਤੇ ਨਾ ਮਿਟ ਜਾਏ।

-ਸੰਗਤਾਰ

ਫਿਰਦੇ ਨੇ

ਆਪ ਕਟਾ ਕੇ ਵਾਲ਼ ਬਲੀਚ ਕਰਾਉਣ ਨੂੰ ਫਿਰਦੇ ਨੇ
‘ਕਲਚਰ ਬਚ ਜਏ’ ਕੁੜੀ ਦੀ ਜੀਨ ਲਹਾਉਣ ਨੂੰ ਫਿਰਦੇ ਨੇ

ਸ਼ੌਂਕੀ ਸਾਹਿਤ ਦਾ ਤਾਂ ਇੱਥੇ ਲੱਭਿਆਂ ਮਿਲ਼ਦਾ ਨਹੀਂ
ਪਰ ਮੋੜਾਂ ਤੇ ਮੀਲ ਪੱਥਰ ਲਗਵਾਉਣ ਨੂੰ ਫਿਰਦੇ ਨੇ

ਕਈ ਵਾਰੀ ਦਿਲ ਏਨਾ ਦੁਖੇ ਕਿ ਹਾਲਤ ਪੁੱਛੋ ਨਾ
‘ਪੰਜਾਬੀ’ ਜੱਜੇ ਪੈਰ ‘ਚ ਬਿੰਦੀ ਪਾਉਣ ਨੂੰ ਫਿਰਦੇ ਨੇ

ਸਾਂਝੀ ਬੋਲੀ ਸਾਂਝੀ ਧਰਤੀ ਸਾਂਝੇ ਪਾਣੀ ਤੇ
ਧਰਮ ਦੀ ਕੂਚੀ ਲੈ ਕੇ ਲੀਕਾਂ ਵਾਹੁਣ ਨੂੰ ਫਿਰਦੇ ਨੇ

ਸੂਝਵਾਨ ਤਾਂ ਡਰਦੇ ਹੀ ਇਸ ਵੱਡੇ ਟੋਲੇ ਤੋਂ
ਪੇਪਰ ਤੁੰਨ ਝੋਲ਼ੇ ਵਿੱਚ ਜਾਨ ਬਚਾਉਣ ਨੂੰ ਫਿਰਦੇ ਨੇ

ਗੀਤਾਂ, ਗਜ਼ਲਾਂ ਗਲਪ ਬਿਨਾ ਕੀ ਬਚੂ ਪੰਜਾਬੀ ਦਾ
ਪਤਾ ਨਹੀਂ, ਪਰ ਇਸ ਤੇ ਮਰਨ ਮਰਾਉਣ ਨੂੰ ਫਿਰਦੇ ਨੇ

-ਸੰਗਤਾਰ

ਹਰ ਫੁੱਲ ਦੀਆਂ ਸੁਗੰਧੀਆਂ

ਹਰ ਫੁੱਲ ਦੀਆਂ ਸੁਗੰਧੀਆਂ ਮਨ ਨੂੰ ਭਾਉਂਦੀਆਂ ਨਹੀਂ
ਸਭ ਸੱਜਣਾਂ ਦੀਆਂ ਸੰਗਤਾਂ ਸਦਾ ਸੁਹਾਂਦੀਆਂ ਨਹੀਂ

ਉੱਡ  ਉੱਡ ਦਿਲ ਦੇ ਟੁਕੜੇ ਜਾਣ ਤਾਂ ਕਈ ਪਾਸੇ
ਹਰ ਪਾਸੇ ਤੋਂ ਠੰਡੀਆਂ ‘ਵਾਵਾਂ ਆਉਂਦੀਆਂ ਨਹੀਂ

ਕਿੰਨੇ ਜਲਣ ਪਤੰਗੇ ਸੜ ਕੇ  ਲਾਟਾਂ ਤੇ
ਕੀ ਮਾਵਾਂ ਤੋਰਨ ਵੇਲੇ ਕੁਛ ਸਮਝਾਉਂਦੀਆਂ ਨਹੀਂ

ਲਿਖ ਲੈ ਉੱਠ ਕੇ  ਇੱਕ ਦੋ ਗੀਤ ਮੁਹੱਬਤ ਦੇ
ਕਾਲ਼ੀਆਂ ਏਦਾਂ ਰੋਜ਼ ਘਟਾਵਾਂ ਛਾਉਂਦੀਆਂ ਨਹੀਂ

ਉੱਠਦਿਆਂ ਸਾਰ ਹੀ ਸੁਪਨੇ ਦੀ ਖ਼ੁਸ਼ਬੋ ਮਰ ਗਈ
ਸੌਂਦੀਆਂ ਜਦੋਂ ਬਹਾਰਾਂ ਨੀਂਦਾਂ ਆਉਂਦੀਆਂ ਨਹੀਂ

-ਸੰਗਤਾਰ

ਡਾ. ਜਗਤਾਰ ਨਹੀਂ ਰਹੇ

ਪੰਜਾਬੀ ਸਾਹਿਤ ਨੂੰ ਮੋਹ ਕਰਨ ਵਾਲਿਆਂ ਲਈ ਬੜੇ ਦੁੱਖ ਵਾਲੀ ਖਬਰ ਹੈ ਕਿ ਪੰਜਾਬੀ ਸ਼ਾਇਰ, ਸਾਹਿਤਕਾਰ, ਅਲੋਚਕ ਅਤੇ ਖੋਜੀ ਡਾ. ਜਗਤਾਰ ਕੱਲ ਦਮੇ ਤੇ ਸ਼ੂਗਰ ਦੀ ਬਿਮਾਰੀ ਨਾਲ਼ ਜੂਝਦੇ ਹੋਏ ਦਮ ਤੋੜ ਗਏ। ਮੈਂ ਹਾਲੇ ਇੱਕ ਮਹਿਨਾ ਪਹਿਲਾਂ ਹੀ ਉਹਨਾਂ ਨੂੰ ਮਿਲ਼ ਕੇ ਆਇਆ ਹਾਂ। ਉਹਨਾਂ ਦੇ ਸ਼ੇਅਰ ਅਤੇ ਉਹਨਾਂ ਦਾ ਸੰਗਠਤ ਕੀਤਾ ਹੋਇਆ ਪੰਜਾਬੀ ਸੂਫੀ ਕਾਵਿ ਸਦੀਆਂ ਤੱਕ ਪੰਜਾਬੀਆਂ ਦੇ ਮਨ ਵਿੱਚ ਗੂੰਜਦੇ ਰਹਿਣਗੇ । ਇੱਥੇ  ਉਹਨਾਂ ਦੀ ਇੱਕ ਗ਼ਜ਼ਲ ਦੇ ਕੁੱਝ ਸ਼ੇਅਰ ਦਰਜ ਕਰ ਰਿਹਾਂ ਹਾਂ:

ਮੈਂ ਕਿਤੇ ਰੁਕਣਾ ਨਹੀਂ, ਛਾਵਾਂ ਸਰਾਵਾਂ ਵਿੱਚ ਕਦੇ
ਹਮਸਫਰ ਰਸਤੇ ‘ਚ ਕੋਈ ਰਹਿ ਲਵੇ ਤਾਂ ਰਹਿ ਲਵੇ

ਮੈਂ ਕਰਾਂਗਾ ਸਭ ਨਬੇੜੇ ਬੈਠ ਕੇ ਸੂਰਜ ਦੇ ਨਾਲ਼
ਛਾਂ ਤੇਰੀ ਦੀਵਾਰ ਦੀ ਕੁੱਝ ਹੋਰ ਥੱਲੇ ਲਹਿ ਲਵੇ

ਮੇਰਾ ਦਿਲ ਦਰਿਆ ਹੈ, ਫੱਲਾਂ ਦੇ ਨਾ ਮੌਸਮ ਤੋਂ ਡਰੇ
ਮੇਰੇ ਘਰ ਅੰਦਰ ਖਿਜ਼ਾਂ ਬੇਖੌਫ ਹੋ ਕੇ ਰਹਿ ਲਵੇ

-ਡਾ. ਜਗਤਾਰ

ਦਰਿਆ

ਦਰਿਆ ਦੇ
ਦਿਲ ਦੇ ਦਰਿਆ ਵਿੱਚ
ਹੜ੍ਹ ਹੈ
ਤੁਫ਼ਾਨ ਹੈ
ਬਾਹਰੋਂ ਭਾਵੇਂ ਲਗਦਾ ਹੈ
ਕਿ ਪਾਣੀ ਸ਼ਾਂਤ ਵਗਦਾ ਹੈ

ਕਦੇ ਕਦਾਈਂ ਦਿਲ ਦਰਿਆ ’ਤੇ
ਕੜਕਦੀਆਂ ਬਿਜਲੀਆਂ ’ਚੋਂ
ਕੋਈ ਤਰੰਗ ਬਾਹਰ ਆਉਂਦੀ ਹੈ
ਸ਼ਾਂਤ ਵਗਦੇ ਪਾਣੀ ਵਿੱਚ
ਕੋਈ ਮਛਲੀ ਛਟਪਟਾਉਂਦੀ ਹੈ

ਕਦੇ ਕਦਾਈਂ ਦਿਲ ਦਰਿਆ ’ਤੇ
ਵਗਦੀਆਂ ਤੇਜ਼ ਹਵਾਵਾਂ ’ਚੋਂ
ਕੋਈ ਬੁੱਲਾ ਬਾਹਰ ਆਉਂਦਾ ਹੈ
ਦਰਿਆ ਛਟਪਟਾਉਂਦਾ ਹੈ

ਦਰਿਆ ਦੇ
ਦਿਲ ਦੇ ਦਰਿਆ ਵਿੱਚ
ਹੜ੍ਹ ਹੈ
ਤੁਫ਼ਾਨ ਹੈ
ਬਾਹਰੋਂ ਭਾਵੇਂ ਲਗਦਾ ਹੈ
ਕਿ ਪਾਣੀ ਸ਼ਾਂਤ ਵਗਦਾ ਹੈ।

-ਸੰਗਤਾਰ

ਭਗਤ ਸਿੰਘ ਦੀ ਕੁਰਬਾਨੀ

ਭਗਤ ਸਿੰਘ ਦੀ ਜਦੋਂ ਤਸਵੀਰ ਵੇਖੀ
ਵਿੱਚ ਦਿਲ ਦੇ ਕਈ ਖਿਆਲ ਆਏ।
ਰੰਗ ਬਦਲਿਆਂ ਦਿਲ ਨਾ ਜਾਣ ਬਦਲੇ
ਲੀਡਰ ਖੇਡਦੇ ਸਦਾ ਹੀ ਚਾਲ ਆਏ।
ਜਾਨ ਦੇ ਕੇ ਭਰ ਜਵਾਨ ਉਮਰੇ
ਉਹਨੇ ਖਾਬ ਅਜ਼ਾਦੀ ਦਾ ਵੇਖਿਆ ਸੀ
ਉਹਦੇ ਦਿਲ ਦੀ ਆਸ ਨਾ ਹੋਈ ਪੂਰੀ
ਸਾਲ ਮਗਰੋਂ ਬੀਤਦੇ ਸਾਲ ਆਏ।

-ਸੰਗਤਾਰ

ਜਿਹਨੇ ਖੇਡ ਕੇ

ਜਿਹਨੇ ਖੇਡ ਕੇ ਗਲ਼ੀ ਵਿੱਚ ਵੇਖਿਆ ਨਾ
ਜਿਹਦੇ ਤਨ ਨੂੰ ਮਿੱਟੀ ਨਾ ਕਦੇ ਲੱਗੀ
ਹੱਥ ਫੜੀ ਨਾ ਕਦੇ ਗੁਲੇਲ ਹੋਵੇ
ਰੇੜ੍ਹੀ ਹੋਵੇ ਨਾ ਮਿੱਟੀ ਦੀ ਬਣੀ ਗੱਡੀ
ਰਗੜੀ ਅੰਬ ਦੀ ਕਦੇ ਨਾ ਗੁਠੀ ਹੋਵੇ
ਨੜਾ ਚੀਰ ਨਾ ਬੀਨ ਬਣਾ ਛੱਡੀ
ਮੁੰਜ ਬਗੜ ਸਰੁਹਾੜ ਕੀ ਖੜ ਕਾਹੀ
ਤੂੜੀ ਤੂੜ ਕੇ ਵੇਖੀ ਨਾ ਹੋਏ ਲੱਦੀ

ਠੋਹਲੇ ਅਤੇ ਭੜੋਲੇ ਨੇ ਕੀ ਹੁੰਦੇ
ਚਾਟੀ ਚੱਪਣੀ ਗਾਗਰ ਤੇ ਘੜਾ ਕੀ ਏ
ਭਾਬੀ ਸੱਸ ਤੇ ਨਣਦ ਦੀ ਕੀ ਟੱਕਰ
ਅਜੇ ਕੌਣ ਕੁਆਰਾ ਤੇ ਛੜਾ ਕੀ ਏ
ਸੱਥ ਕੀ ਤੇ ਕੀ ਪੰਚਾਇਤ ਹੁੰਦੀ
ਬੁੱਢਾ ਪਿੱਪਲ਼ ਤੇ ਪਿੰਡ ਦਾ ਥੜ੍ਹਾ ਕੀ ਏ
ਏਕੜ ਖੇਤ ਘੁਮਾ ਤੇ ਕੀ ਪੈਲ਼ੀ
ਮਰਲਾ ਕਰਮ ਕਨਾਲ਼ ‘ਚੋਂ ਬੜਾ ਕੀ ਏ

ਅਰਲ਼ੀ ਹਲ਼ਸ ਪੰਜਾਲ਼ੀ ਤੇ ਜੁੰਗਲ਼ੇ ਨੂੰ
ਭੁੱਲ਼ੀ ਜਾਂਦੇ ਨੇ ਲੋਕ ਬੇਲੋੜ ਕਹਿ ਕੇ
ਦੇਸੀ ਆਖਦੇ ਨੇ ਅਸਲੀ ਚੀਜ਼ ਤਾਂਈਂ
ਬਦਲੀ ਜਾਂਦੇ ਨੇ ਵਕਤ ਦਾ ਮੋੜ ਕਹਿ ਕੇ
ਉਂਞ ਠੀਕ ਵੀ ਵਕਤ ਦੇ ਨਾਲ਼ ਤੁਰਨਾ
ਪਰ ਭੁੱਲ ਨਾ ਜਾਇਓ ਜ਼ੁਬਾਨ ਆਪਣੀ
ਨਹੀਂ ਤਾਂ ਮਾਰੇਗੀ ਸ਼ਰਮ ਜਦ ਬੱਚਿਆਂ ਨੇ
ਜੱਫੀ ਪਾਈ ਸਫੈਦੇ ਨੂੰ ਬੋਹੜ ਕਹਿਕੇ

-ਸੰਗਤਾਰ

ਦਫ਼ਾ ਹੋ!

ਇੰਞ ਨਾ ਖ਼ਫ਼ਾ ਹੋ!
ਜਾਂ ਫਿਰ ਦਫ਼ਾ ਹੋ!

ਨਾਸੂਰ ਬਣ ਜਾ
ਅਹਿਲੇ-ਜ਼ਫ਼ਾ ਹੋ!

ਕੁਝ ਤੇ ਅਸਰ ਕਰ
ਘਟ ਜਾਂ ਨਫ਼ਾ ਹੋ!

ਜਾਂ ਮਜਨੂੰ ਬਣ ਜਾ
ਜਾਂ ਬੇ-ਵਫ਼ਾ ਹੋ!

ਕਾਲ਼ਖ ‘ਚ ਡੁੱਬਿਆ
ਚਿੱਟਾ ਸਫ਼ਾ ਹੋ!

-ਸੰਗਤਾਰ

ਮੌਜ ਮੇਲਾ ਮਸਤੀਆਂ

ਉੱਤੋਂ ਉੱਤੋਂ ਮੌਜ ਮੇਲਾ ਮਸਤੀਆਂ
ਸੀਨੇ ਅੰਦਰ ਤਲਖ਼ੀਆਂ ਹੀ ਤਲਖ਼ੀਆਂ

ਟਾਊਨਾਂ ਇਨਕਲੇਵਾਂ ਵਿੱਚ ਕੋਈ ਹੋਰ ਨੇ
ਸਾਡੇ ਪਿੰਡ ਮੁਹੱਲੇ ਨੱਗਰ ਬਸਤੀਆਂ

ਯਾਰਾਂ ਦਾ ਉਹ ਪੁਲ਼ ਬਣਾ ਕੇ ਤਰ ਗਿਆ
ਸਾਥੋਂ ਗਈਆਂ ਯਾਰੀਆਂ ਨਾ ਵਰਤੀਆਂ

ਖੱਟੀਆਂ ਜੋ ਇਸ਼ਕ ‘ਚੋਂ ਬਦਨਾਮੀਆਂ
ਸ਼ੋਹਰਤਾਂ ਦੀ ਮੰਡੀ ਦੇ ਵਿੱਚ ਖਰਚੀਆਂ

ਸ਼ੁਕਰ ਹੈ ਓਥੇ ਹੀ ਤੂੰ ਤੇ ਵੱਲ ਹੈਂ
ਤੈਨੂੰ ਲਿਖੀਆਂ ਚਿੱਠੀਆਂ ਨਾ ਪਰਤੀਆਂ

ਅਸੀਂ ਤਾਂ ਡਰਦੇ ਰਹੇ ਅਪਮਾਨ ਤੋਂ
ਅਣਜਾਣ ਸਾਂ ਕਿ ਇੱਜ਼ਤਾਂ ਨੇ ਸਸਤੀਆਂ

ਅੱਜ ਦੇ ਸਭ ਚੋਰ ਸਾਧੂ ਭਲ਼ਕ ਦੇ
ਵੇਖਿਓ ਹੁੰਦੀਆਂ ਕਿਵੇਂ ਨੇ ਭਗਤੀਆਂ

ਜਦ ਕਦੇ ਸੀ ਮਿਲ਼ਦਾ ਉਹ ਸੰਗਤਾਰ ਨੂੰ
ਮੰਗਦਾ ਸੀ ਸੌ ਦੀਆਂ ਕੁੱਝ ਪਰਚੀਆਂ

ਉਮਰ ਲਗਦੀ ਸੀ ਉਦੋਂ ਵੱਡਾ ਪਹਾੜ
ਹੁਣ ਚੇਤੇ ਆਉਂਦੀਆਂ ਨੇ ਗ਼ਲਤੀਆਂ

-ਸੰਗਤਾਰ