ਕੀ ਆਖਾਂ ਮੈਂ?

ਏ ਸੀ ਅੰਦਰ ਬੈਠਾ ਧੁੱਪੇ ਸੜਦਿਆਂ ਬਾਰੇ ਕੀ ਆਖਾਂ ਮੈਂ?
ਮਾਣ ਰਿਹਾਂ ਹਾਂ ਜ਼ਿੰਦਗੀ ਕਿੱਧਰੇ ਮਰਦਿਆਂ ਬਾਰੇ ਕੀ ਆਖਾਂ ਮੈਂ?

ਲੀਰਾਂ ਵਿੱਚ ਲਪੇਟੇ ਨੇ ਜੋ ਮਿੱਟੀ ਦੇ ਵਿੱਚ ਲੇਟੇ ਨੇ ਜੋ
ਤਪਦੇ ਜਿਸਮਾਂ ਮੂਹਰੇ ਚੁੱਲ੍ਹੇ ਠਰਦਿਆਂ ਬਾਰੇ ਕੀ ਆਖਾਂ ਮੈਂ?

 ਦੁਨੀਆਂ ਜਿਹੜੇ ਭੁੱਲ ਬੈਠੀ ਏ ਆਪਣੇ ਰੰਗੀਂ ਡੁੱਲ੍ਹ ਬੈਠੀ ਏ
ਟੁੱਟੀ ਪੌੜੀ ਕਿਸਮਤ ਦੀ ‘ਤੇ ਚੜ੍ਹਦਿਆਂ ਬਾਰੇ ਕੀ ਆਖਾਂ ਮੈਂ?

 ਸ਼ਿਸਤ ਸ਼ਿਕਾਰੀ ਲਾ ਬਹਿੰਦਾ ਏ ਖੇਡ ਮੌਤ ਨੂੰ ਕਹਿ ਲੈਂਦਾ ਏ
ਬੇਦੋਸ਼ੇ ਮਾਸੂਮ ਚੁਗਦਿਆਂ ਚਰਦਿਆਂ ਬਾਰੇ ਕੀ ਆਖਾਂ ਮੈਂ?

ਨ੍ਹੇਰਾ ਸਾਡੇ ਵਿਹੜੇ ਵਧਿਆ ਆਪਣੇ ਚੁੱਲ੍ਹੇ ਨੇੜੇ ਵਧਿਆ
ਲੋਕਾਂ ਨੂੰ ਤਾਂ ਕਹਿ ਲੈਂਦਾ ਸਾਂ ਘਰਦਿਆਂ ਬਾਰੇ ਕੀ ਆਖਾਂ ਮੈਂ?

ਸੰਗਤਾਰ ਜੇ ਏਨਾ ਮੰਦਾ ਨਹੀਂ ਤਾਂ ਕੁੱਝ ਵੀ ਕਹਿਣਾ ਚੰਗਾ ਨਹੀਂ ਏ
ਕਦਮ ਕਦਮ ’ਤੇ ਕਦਮ ਮਿਲ਼ਾ ਕੇ ਖੜ੍ਹਦਿਆਂ ਬਾਰੇ ਕੀ ਆਖਾਂ ਮੈਂ?

-ਸੰਗਤਾਰ

ਨਾ ਸਮਝੀ

Sangtar Sydney

ਨਾ ਸਮਝੀ ਤੂੰ ਨਾ ਸਮਝੇਂਗੀ ਸਮਝਾਉਣਾ ਦਿੱਤਾ ਛੱਡ ਆਪਾਂ ।
ਹੁਣ ਪਾ ਕੁੰਡੀ ਦਿਲ ਤੇਰੇ ਵਿੱਚ ਦਿਲ ਆਪਣਾ ਲੈਣਾ ਕੱਢ ਆਪਾਂ ।

ਹੁਣ ਤੈਨੂੰ ਕੋਈ ਲੋੜ ਨਹੀਂ ਸੰਗਤਾਰ ‘ਤੇ ਜ਼ੁਲਮ ਕਮਾਉਣੇ ਦੀ,
ਤੇਰੀ ਗਲੀ ‘ਚ ਆਪੇ ਆਪਣੇ ਲਈ, ਹੁਣ ਸੂਲੀ ਲੈਣੀ ਗੱਡ ਆਪਾਂ।

-ਸੰਗਤਾਰ

ਸਬਕ

ਬੰਦਾ, ਘਾਹੀ ਤੋਂ ਵੀ ਸਿੱਖਦਾ ਤੇ ਰਾਹੀ ਤੋਂ ਵੀ ਸਿੱਖਦਾ
ਯੁਗਾਂ ਦੀ ਉਸਾਰੀ ਤੇ ਤਬਾਹੀ ਤੋਂ ਵੀ ਸਿਖਦਾ
ਟੱਕਰਾਂ ਤੋਂ ਸਿੱਖਦਾ ਏ ਅੱਖਰਾਂ ਤੋਂ ਸਿੱਖਦਾ
ਵਰਕੇ ‘ਤੇ ਡੁੱਲ੍ਹੀ ਹੋਈ ਸਿਆਹੀ ਤੋਂ ਵੀ ਸਿੱਖਦਾ
ਪਿਆਰ ਵੀ ਸਿਖਾਵੇ ਤੇ ਵਿਛੋੜਾ ਵੀ ਸਿਖਾਉਂਦਾ ਏ
ਪੈਰ ਵਿੱਚ ਵੱਜਾ ਹੋਇਆ ਰੋੜਾ ਵੀ ਸਿਖਾਉਂਦਾ ਏ
ਜ਼ਿੰਦਗੀ ਸਬਕ ਜਿਉਣਾ ਨਾਮ ਸਿੱਖੀ ਜਾਣ ਦਾ
ਸਿੱਖ ਸਿੱਖ ਨਵੇਂ ਸੰਗਤਾਰ ਧੋਖੇ ਖਾਣ ਦਾ

-ਸੰਗਤਾਰ