ਰੌਸ਼ਨੀਆਂ ਦੇ ਨਾਂ ‘ਤੇ ਘਾਲ਼ਾ ਮਾਲ਼ਾ ਹੁੰਦਾ ਏ
ਸੂਰਜ ਦੇ ਗਲ਼ ਲੱਗ ਕੇ ਸੂਰਜ ਕਾਲ਼ਾ ਹੁੰਦਾ ਏ
ਇੱਕ ਤਾਂ ਟੋਏ ਦੇ ਵਿੱਚ ਕਾਹਲ਼ੀ ਕਰ ਕੇ ਡਿਗਦਾ ਏ
ਕੱਢਣ ਵਾਲ਼ਾ ਉਸ ਤੋਂ ਬਾਹਲ਼ਾ ਕਾਹਲ਼ਾ ਹੁੰਦਾ ਏ
ਵਕਤ ਵਿੱਚ ਵੀ ਟੋਏ ਹੁੰਦੇ ਸਮਝ ਨਾ ਏਨੀ ਸੀ
ਕਈ ਸਾਲਾਂ ਦੀ ਹੱਦ ਦੁਆਲ਼ੇ ਖਾਲ਼ਾ ਹੁੰਦਾ ਏ
ਕੁੱਝ ਦਿਨਾਂ ਦੇ ਮਹਿਲਾਂ ਮੂਹਰੇ ਪਹਿਰੇ ਹੁੰਦੇ ਨੇ
ਕੁੱਝ ਦਿਨਾਂ ਦੇ ਬੂਹੇ ਉੱਤੇ ਤਾਲ਼ਾ ਹੁੰਦਾ ਏ
ਸਰਦੀ ਨਾਲ਼ ਹੀ ਸੜ ਕੇ ਰੂਹ ਵੀ ਕੋਲਾ ਹੋ ਜਾਂਦੀ
ਤਨਹਾਈ ਦੀ ਰੁੱਤੇ ਐਸਾ ਪਾਲ਼ਾ ਹੁੰਦਾ ਏ
ਇੱਕ ਤਾਂ ਮੂੰਹ ਨਾਲ਼ ਬੁਣਦਾ ਏ ਘਰ ਬੱਚੇ ਪਾਲਣ ਲਈ
ਇੱਕ ਦੇ ਘਰ ਵਿੱਚ ਹੂੰਝਣ ਵਾਲ਼ਾ ਜਾਲ਼ਾ ਹੁੰਦਾ ਏ
ਸਾਡੇ ਵੇਲੇ ਹਰ ਪਿੰਡ ਦੇ ਵਿੱਚ ਟੋਬਾ ਹੁੰਦਾ ਸੀ
ਅਜਕਲ ਹਰ ਪਿੰਡ ਗੰਦਗੀ ਵਾਲ਼ਾ ਨਾਲ਼ਾ ਹੁੰਦਾ ਏ।
-ਸੰਗਤਾਰ