ਹੁੰਦਾ ਹੁੰਦਾ

ਮਿਲ਼ਦਾ ਮਿਲ਼ਦਾ ਮਿਲ਼ ਗਿਆ ਮਿੱਟੀ ਦੇ ਵਿੱਚ ਗਰਾਂ
ਮਿਟਦਾ ਮਿਟਦਾ ਮਿਟ ਗਿਆ ਪੱਥਰ ਤੇ ਲਿਖਿਆ ਨਾਂ

ਖਾਂਦੀ ਖਾਂਦੀ ਖਾ ਗਈ ਬੋਟਾਂ ਨੂੰ ਜ਼ਾਲਮ ਮੌਤ
ਉੱਡਦੇ ਉੱਡਦੇ ਉੱਡ ਗਏ ਡਾਲ਼ਾਂ ਤੋਂ ਘੁੱਗੀਆਂ ਕਾਂ

ਬਣਦੇ ਬਣਦੇ ਬਣ ਗਏ ਜੰਗਲ ਤੋਂ ਕੋਲਾ ਰੁੱਖ
ਖਰਦੀ ਖਰਦੀ ਖਰ ਗਈ ਬੋਹੜਾਂ ਦੀ ਠੰਡੀ ਛਾਂ

ਲਹਿੰਦਾ ਲਹਿੰਦਾ ਲਹਿ ਗਿਆ ਇਸ਼ਕੇ ਦਾ ਸਖਤ ਬੁਖਾਰ
ਭੁੱਲਦੀ ਭੁੱਲਦੀ ਭੁੱਲ ਗਈ ਮਿਲਣੇ ਦੀ ਪੱਕੀ ਥਾਂ

ਢਹਿੰਦੇ ਢਹਿੰਦੇ ਢਹਿ ਗਏ ਆਸਾਂ ਦੇ ਰੰਗਲੇ ਮਹਿਲ
ਹੁੰਦਾ ਹੁੰਦਾ ਹੋ ਗਿਆ ਸੰਗਤਾਰ ਇਸ ਤਰਾਂ ਤਾਂ।

-ਸੰਗਤਾਰ

ਫ਼ਾਸਲੇ

ਉਸ ਤੋਂ ਹੀ ਸਾਰੇ ਪੁੱਛ ਲੈ, ਏਥੋਂ ਧੁਰਾਂ ਦੇ ਫ਼ਾਸਲੇ
ਜਿਸ ਬਾਂਸਰੀ ’ਤੇ ਉੱਕਰੇ, ਸੱਤਾਂ ਸੁਰਾਂ ਦੇ ਫ਼ਾਸਲੇ

ਲੈ ਸੁਪਨਿਆਂ ਤੋਂ ਮੌਤ ਤਕ ਕੁੱਲ ਜ਼ਿੰਦਗੀ ਮਹਿਬੂਬ ਦੀ
ਥਲ ਵਿੱਚ ਰੇਤੇ ’ਤੇ ਗਏ ਮਿਣਦੇ ਖੁਰਾਂ ਦੇ ਫ਼ਾਸਲੇ

ਬੰਦਾ ਮਿਣੇ ਨਕਸ਼ੱਤਰਾਂ ਤੇ ਸੂਰਜਾਂ ਦਾ ਫਾਸਲਾ
ਚੂਹਾ ਸਿਰਫ ਏ ਜਾਣਦਾ ਇੱਕ ਦੋ ਚੁਰਾਂ ਦੇ ਫ਼ਾਸਲੇ

ਸਾਰੇ ਵਕਤ ਦੇ ਪੰਨਿਆਂ ’ਤੇ ਫੈਲ ਕੇ ਮਿਟ ਜਾਣਗੇ
ਇਹ ਸੱਚਿਆਂ ਤੇ ਝੂਠਿਆਂ ਪੀਰਾਂ ਗੁਰਾਂ ਦੇ ਫ਼ਾਸਲੇ

ਦੋਹਾਂ ਦੇ ਸੀਨੇ ਨਾਲ਼ ਲੱਗੇ ਫੁੱਲ ਫਿਰ ਵੀ ਬਹੁਤ ਨੇ
ਮਾਲੀ ਅਤੇ ਹੁਣ ਡਾਲ਼ ਤੋਂ ਨੇਤਾ ਹੁਰਾਂ ਦੇ ਫ਼ਾਸਲੇ

ਵੱਖਰੀ ਦੁਨੀਆਂ ਸਨ ਕਦੇ ਹੁਣ ਬਹੁਤ ਛੋਟੇ ਹੋ ਗਏ
ਗੁਰਦਾਸਪੁਰ ਹੁਸ਼ਿਆਰਪੁਰ ਮਾਹਿਲਪੁਰਾਂ ਦੇ ਫ਼ਾਸਲੇ।

-ਸੰਗਤਾਰ

ਵਰਤਮਾਨ

ਮੈਂ ਕਈ ਸਾਲਾਂ ਤੋਂ
ਯਤਨਸ਼ੀਲ ਹਾਂ
‘ਹੁਣ’ ਨੂੰ ਫੜਨ ਦਾ
ਕੱਲ੍ਹ ਦਾ ਤਾਂ ਬਹੁਤ ਸੋਚ ਰਿਹਾਂ ਹਾਂ
ਪ੍ਰੀਭਾਸ਼ਾ ‘ਅੱਜ’ ਦੀ
ਪਰ ਅੱਜ ਫਿਰ ਲੱਗਦਾ ਹੈ
ਕਿ ਦੋਵੇਂ ਖਿਸਕ ਚੱਲੇ ਨੇ।

-ਸੰਗਤਾਰ

ਪੜ੍ਹਦਾ ਮਸਾਂ ਹੀ

ਪੜ੍ਹਦਾ ਮਸਾਂ ਹੀ ਆਖਰੀ ਪੰਨੇ ਤੇ ਪਹੁੰਚਿਆ
ਸਰਦਲ ਤੇ ਅਗਲੇ ਰੋਜ਼ ਦੀ ਅਖ਼ਵਾਰ ਆ ਗਈ

ਹਰ ਸ਼ਾਮ ਪਿਛਲੀ ਰਾਤ ਦੇ ਸੁਪਨੇ ’ਚ ਡੁੱਬ ਗਈ
ਹਰ ਰਾਤ ਨਵਿਆਂ ਸੁਪਨਿਆਂ ਦੀ ਡਾਰ ਆ ਗਈ

ਮੈਂ ਬਹੁਤ ਸ਼ਿਸ਼ਟਾਚਾਰ ਥੱਲੇ ਸੀ ਘੁੱਟੀ ਹੋਈ
ਇਹ ਚੀਕ ਕਿੱਦਾਂ ਦਿਲ ਦੇ ਵਿੱਚੋਂ ਬਾਹਰ ਆ ਗਈ

ਲੰਘਦੇ ਹਵਾ ਦੇ ਬੁੱਲਿਆਂ ਗਲ਼ ਪੈਣ ਨੂੰ ਫਿਰੇ
ਸੁਣਿਆਂ ਚਮਨ ਨੇ ਸ਼ੋਰ ਸੀ ਕਿ ਬਹਾਰ ਆ ਗਈ

ਡੁੱਬ ਕੇ ਮਰਨ ਦਾ ਠੀਕ ਸੀ ਸੋਹਣੀ ਦਾ ਫੈਸਲਾ
ਕਿੰਨਿਆਂ ਝਨਾਵਾਂ ਤੋਂ ਕਹਾਣੀ ਪਾਰ ਆ ਗਈ

ਇਹ ਲੋਚਦੀ ਸ਼ਾਇਦ ਕਿ ਕੋਈ ਰੌਸ਼ਨੀ ਮਿਲ਼ੇ
ਘਰ ਦਾ ਦੀਆ ਵੀ ਝੀਲ ਉੱਤੇ ਤਾਰ ਆ ਗਈ।

-ਸੰਗਤਾਰ

ਪੰਜਾਬੀ ਜਿਉਂਦੇ ਰਹਿਣਗੇ

ਰਹੇਗਾ ਸੰਗੀਤ ਰਾਗੀ ਢਾਡੀ ਜਿਉਂਦੇ ਰਹਿਣਗੇ
ਲੋਕ ਗੀਤਾਂ ਨਾਲ਼ ਦਾਦਾ ਦਾਦੀ ਜਿਉਂਦੇ ਰਹਿਣਗੇ
ਦਿੰਦੇ ਰਹੋ ਭਰ ਭਰ ਮੁੱਠੀਆਂ ਪਿਆਰ ਇਹਨੂੰ
ਬੋਲੀ ਜਿਊਂਦੀ ਰਹੀ ਤਾਂ ਪੰਜਾਬੀ ਜਿਉਂਦੇ ਰਹਿਣਗੇ

-ਸੰਗਤਾਰ