ਅੱਖੋਂ ਦੂਰ ਹੋਣ ਜਿਹੜੇ ਲੱਗਦਾ ਉਹ ਸੁਖੀ ਪਰ
ਪਤਾ ਨਹੀਂ ਕੀ ਬੀਤੇ ਉਨ੍ਹਾਂ ਉੱਤੇ
ਪਤਾ ਨਹੀਂ ਉਹ ਰਾਤਾਂ ਕਿੰਞ ਜਾਗ ਜਾਗ ਕੱਟਦੇ ਨੇ
ਘੁੰਮਦੇ ਨੇ ਦਿਨੇਂ ਸੁੱਤੇ ਸੁੱਤੇ
ਪਤਾ ਨਹੀਂ ਉਹ ਕਿਹੜਿਆਂ ਸਿਆਲਾਂ ਬਾਰੇ ਸੋਚਦੇ ਨੇ
ਖੇੜਿਆਂ ਨੇ ਜਿਹੜੇ ਬਾਗੋਂ ਪੁੱਟੇ
ਪਤਾ ਨਹੀਂ ਉਹ ਰੋਜ਼ ਕਿਹੜੇ ਜੋਗੀ ਨੂੰ ਉਡੀਕਦੇ ਨੇ
ਆਉਂਦੇ ਨੇ ਖਿਆਲ ਪੁੱਠੇ ਪੁੱਠੇ
ਪਤਾ ਨਹੀਂ ਉਹ ਕੱਟ ਕੇ ਬਣਾਉਣਾ ਫੰਧਾ ਲੋਚਦੇ ਨੇ
ਪੀਂਘ ਨੂੰ ਤ੍ਰਿੰਜਣਾ ਦੀ ਰੁੱਤੇ
ਅੱਖੋਂ ਦੂਰ ਹੋਣ ਜਿਹੜੇ ਲੱਗਦਾ ਉਹ ਸੁਖੀ ਪਰ
ਪਤਾ ਨਹੀਂ ਉਹ ਰੋਂਦੇ ਕਿੰਨੀ ਵਾਰੀ
ਕਿੰਨੀ ਵਾਰੀ ਸੂਲ਼ਾਂ ਵਾਂਗੂੰ ਚੁੱਭਦੇ ਕਲੀਰੇ ਬਾਹੀਂ
ਤੋੜ ਤੋੜ ਖਾਵੇ ਫੁਲਕਾਰੀ
ਕਿੰਨੀ ਵਾਰ ਯਾਦ ਲੱਗੇ ਕਰਦੀ ਦੋਫਾੜ ਦਿਲ
ਕਿੰਨੀ ਵਾਰੀ ਫਿਰੇ ਸੀਨੇ ਆਰੀ
ਕਿੰਨੀ ਵਾਰੀ ਜੋਕਾਂ ਵਾਂਗੂੰ ਇੱਕ ਇੱਕ ਵਾਲ਼ ਲੱਗੇ
ਪੀਵੀ ਜਾਂਦਾ ਰੱਤ ਸਿਰੋਂ ਸਾਰੀ
ਕਿੰਨੀ ਵਾਰ ਆਉਂਦੇ ਆਉਂਦੇ ਰੁਕ ਜਾਣ ਸੱਜਣਾ ਦੇ
ਸੁਪਨੇ ਵੀ ਹੋਣ ਇਨਕਾਰੀ
ਅੱਖੋਂ ਦੂਰ ਹੋਣ ਜਿਹੜੇ ਲੱਗਦਾ ਉਹ ਸੁਖੀ ਪਰ
ਉਨ੍ਹਾਂ ਕਿਹੜਾ ਕੋਈ ਖ਼ਤ ਪਾਇਆ
ਉਨ੍ਹਾਂ ਕਿਹੜਾ ਦੱਸਿਆ ਕਿ ਖਿੜੇ ਭਰੇ ਬਾਗ ਵਿੱਚ
ਇੱਕੋ ਫੁੱਲ ਦਿਸੇ ਕੁਮਲ਼ਾਇਆ
ਪਤਾ ਨਹੀਂ ਸਵੇਰ ਕਿੰਜ ਚੜ੍ਹੇ ਕਿੰਜ ਸ਼ਾਮ ਪਵੇ
ਕਿਹੜੀ ਮਜਬੂਰੀ ਜਾਲ਼ ਪਾਇਆ
ਐਵੇਂ ਤਾਂ ਨਹੀਂ ਸਾਂਝ ਡੂੰਘੀ ਵਾਲ਼ਿਆਂ ਨੂੰ ਭੁੱਲ ਹੁੰਦਾ
ਐਵੇਂ ਨਹੀਂਓਂ ਜਾਂਦਾ ਦਿਲੋਂ ਲਾਹਿਆ
ਸ਼ਾਇਦ ਕਿ ਝੂਠੇ ਮੂਠੇ ਅੱਖਰ ਦੋ ਲਿਖਣੇ ਨੂੰ
ਤੁਪਕਾ ਵੀ ਖੂੰਨ ਨਾ ਥਿਆਇਆ
ਅੱਖੋਂ ਦੂਰ ਹੋਣ ਜਿਹੜੇ ਲੱਗਦਾ ਉਹ ਸੁਖੀ ਪਰ
ਉਹੀ ਜਾਣੇ ਜਿਹਦੇ ਨਾਲ਼ ਬੀਤੇ
ਘੋਲ਼ ਘੋਲ਼ ਕੱਚ ਟੁੱਟੇ ਦਿਲਾਂ ਦੇ ਪਾ ਲੂਣ ਹੰਝੂ
ਘੁੱਟ ਘੁੱਟ ਜਾਂਦੇ ਕਿੰਞ ਪੀਤੇ
ਧਾਗੇ ਪਾ ਕਬੀਲਦਾਰੀ ਵਾਲ਼ੇ ਸੂਈਆਂ ਵਿੱਚ ਫੱਟ
ਇਸ਼ਕੇ ਦੇ ਕਿੰਞ ਜਾਂਦੇ ਸੀਤੇ
ਜ਼ਿੰਦਗੀ ਦੇ ਮਾਰੂਥਲਾਂ ਵਿੱਚ ਬਹਿ ਕੇ ਹੰਝੂਆਂ ਦੇ
ਕਿੰਨੇ ਮੋਤੀ ਦਾਨ ਉਨ੍ਹਾਂ ਕੀਤੇ
ਫੇਰ ਵੀ ਨਾ ਸੁਣੀ ਰੱਬ ਫਟ ਚੱਲੇ ਦਰਦਾਂ ਦੇ
ਸੋਕਿਆਂ ਨੇ ਸਾੜਤੇ ਪਲੀਤੇ
ਅੱਖੋਂ ਦੂਰ ਹੋਣ ਜਿਹੜੇ
ਲੱਗਦਾ ਉਹ ਸੁਖੀ ਪਰ
ਉਹੀ ਜਾਣੇ ਜਿਹਦੇ ਨਾਲ਼ ਬੀਤੇ।
-ਸੰਗਤਾਰ