ਆਉ ਮੇਰੇ ਲਹਿਣੇਦਾਰੋ ਕਰਜ਼ ਥੋਡਾ ਲਾਹ ਦਿਆਂ
ਵੇਚ ਕੇ ਇਖ਼ਲਾਕ ਹੁਣ ਹੱਥ ਬਹੁਤ ਸੌਖਾ ਹੋ ਗਿਆ
ਦੱਸਣਾ ਥੋਡਾ ਕਿਵੇਂ ਤੇ ਕਿਸ ਜਗ੍ਹਾ ਮਨ ਪਰਚਦਾ
ਦਿਲ ਜ਼ਰਾ ਭਰਿਆ ਜਿਹਾ ਜਿਉਣਾ ਹੀ ਔਖਾ ਹੋ ਗਿਆ
ਹਾਰ ਗਲ਼ ਨੂੰ ਮਿਲ਼ ਗਏ ਤੇ ਹਾਰ ਮਨ ਨੂੰ ਖਾਰ ਦੀ
ਨਕਲੀਆਂ ਦੇ ਹੇਠ ਮੇਰਾ ਅਸਲ ਚਿਹਰਾ ਜਲ਼ ਰਿਹਾ
ਜਿੱਤ ਦੇ ਜਸ਼ਨਾਂ ‘ਚ ਬੈਠਾ ਕਰ ਰਿਹਾਂ ਮਹਿਸੂਸ ਮੈਂ
ਮਨ ਬੜਾ ਏ ਝੂਰਦਾ ਕਿ ਬਹੁਤ ਧੋਖਾ ਹੋ ਗਿਆ
ਚਹੁੰ ਦਿਸ਼ਾਵਾਂ ਤੋਂ ਹੀ ਦੇ ਕੇ ਤੋਰਤੇ ਵੱਖਰੇ ਹੁਕਮ
ਆ ਮਿਲ਼ੇ ਧਰਤੀ ਦੇ ਸੀਨੇ ‘ਤੇ ਜਦੋਂ ਤਾਂ ਭਿੜ ਪਏ
ਆਪ ਪੈਦਾ ਕਰ ਤੇ ਆਪੇ ਮਾਰ ਕੇ ਖ਼ੁਦ ਹੱਸਿਆ
ਕੀ ਕਰੇਗਾ ਆਦਮੀ ਰੱਬ ਹੀ ਅਨੋਖਾ ਹੋ ਗਿਆ
ਰਹਿਮ ਦਾ ਵਿਸ਼ਵਾਸ਼ ਸੀ ਜਿਸਨੂੰ ਪਿਆਰੇ ਬਾਪ ‘ਤੇ
ਓਸ ਦੇ ਵੀ ਪੈਰ ਜਦ ਧਰਤੀ ਤੋਂ ਉੱਚੇ ਹੋ ਗਏ
ਮਰ ਗਿਆ ਭੁੱਖਾ ਪਿਆਸਾ ਅੰਬਰਾਂ ਵਲ ਚੀਕਦਾ
ਕੀ ਇਹ ਰੱਬਾ ਹੋ ਗਿਆ, ਓ ਕੀ ਇਹ ਲੋਕਾ ਹੋ ਗਿਆ।
-ਸੰਗਤਾਰ