ਹਰ ਫੁੱਲ ਦੀਆਂ ਸੁਗੰਧੀਆਂ

ਹਰ ਫੁੱਲ ਦੀਆਂ ਸੁਗੰਧੀਆਂ ਮਨ ਨੂੰ ਭਾਉਂਦੀਆਂ ਨਹੀਂ
ਸਭ ਸੱਜਣਾਂ ਦੀਆਂ ਸੰਗਤਾਂ ਸਦਾ ਸੁਹਾਂਦੀਆਂ ਨਹੀਂ

ਉੱਡ  ਉੱਡ ਦਿਲ ਦੇ ਟੁਕੜੇ ਜਾਣ ਤਾਂ ਕਈ ਪਾਸੇ
ਹਰ ਪਾਸੇ ਤੋਂ ਠੰਡੀਆਂ ‘ਵਾਵਾਂ ਆਉਂਦੀਆਂ ਨਹੀਂ

ਕਿੰਨੇ ਜਲਣ ਪਤੰਗੇ ਸੜ ਕੇ  ਲਾਟਾਂ ਤੇ
ਕੀ ਮਾਵਾਂ ਤੋਰਨ ਵੇਲੇ ਕੁਛ ਸਮਝਾਉਂਦੀਆਂ ਨਹੀਂ

ਲਿਖ ਲੈ ਉੱਠ ਕੇ  ਇੱਕ ਦੋ ਗੀਤ ਮੁਹੱਬਤ ਦੇ
ਕਾਲ਼ੀਆਂ ਏਦਾਂ ਰੋਜ਼ ਘਟਾਵਾਂ ਛਾਉਂਦੀਆਂ ਨਹੀਂ

ਉੱਠਦਿਆਂ ਸਾਰ ਹੀ ਸੁਪਨੇ ਦੀ ਖ਼ੁਸ਼ਬੋ ਮਰ ਗਈ
ਸੌਂਦੀਆਂ ਜਦੋਂ ਬਹਾਰਾਂ ਨੀਂਦਾਂ ਆਉਂਦੀਆਂ ਨਹੀਂ

-ਸੰਗਤਾਰ

ਨਕਲੀ ਫੁੱਲ

ਰੰਗਲੇ ਮੈਗਜ਼ੀਨਾਂ ਦੇ
ਤਿਲਕਵੇਂ ਸਫਿਆਂ ਤੋਂ
ਬਹਾਰਾਂ ਦੇ ਰੰਗ ਲੱਭਣ ਵਾਲ਼ੀ ਤਿੱਤਲੀ
ਮਰ ਤਾਂ ਜਾਏਗੀ
ਭੁੱਖੀ, ਪਿਆਸੀ ਤੇ ਅਤ੍ਰਪਿਤ

ਪਰ, ਸ਼ਾਇਦ
ਮਰਨ ਤੋਂ ਪਹਿਲਾਂ
ਲਿਖ ਜਾਏਗੀ
ਕੋਈ ਵੇਦ, ਪੁਰਾਨ, ਉਪਨਿਸ਼ਦ:

ਮਾਇਆ ਹੈ ਜਹਾਨ
ਛਲ਼ ਨੇ ਬਹਾਰਾਂ
ਭੁਲੇਖਾ ਨੇ ਰੰਗ

ਤੇ

ਸੱਚ ਹੈ ਦੁੱਖ
ਸੱਚ ਹੈ ਭੁੱਖ
ਸੱਚ ਹੈ ਮੌਤ

ਮੈਂ ਇਹ ਸੋਚਿਆ
ਤੇ ਫਿਰ,
ਹੌਲ਼ੀ ਜਿਹੇ ਬਾਰੀ ਖੋਲ੍ਹ ਦਿੱਤੀ
ਤਾਂ ਕਿ
ਤਿੱਤਲੀ ਅਸਲੀ ਬਹਾਰਾਂ ਦੀ
ਮਹਿਕ ਮਾਣ ਸਕੇ।

-ਸੰਗਤਾਰ