ਨ੍ਹੇਰੇ ਦੇ ਵਿੱਚ ਸਾਹ ਰੁਸ਼ਨਾਉਣੇ ਪੈਂਦੇ ਨੇ
ਖੁਦ ਜਲ਼ ਜਲ਼ ਕੇ ਰਾਹ ਰੁਸ਼ਨਾਉਣੇ ਪੈਂਦੇ ਨੇ
ਕੋਈ ਤੀਲੀ ਸੀਨੇ ਵਿੱਚ ਜਾ ਸਕਦੀ ਨਾ
ਦਿਲ ਦੇ ਦੀਵੇ ਗਾ ਰੁਸ਼ਨਾਉਣੇ ਪੈਂਦੇ ਨੇ
ਨਹੀਂ ਤਾਂ ਏਥੇ ਸਤਯੁਗ ਹੀ ਆ ਜਾਵੇਗਾ
ਅੱਗ ਵਿੱਚ ਸੁੱਟ ਗਵਾਹ ਰੁਸ਼ਨਾਉਣੇ ਪੈਂਦੇ ਨੇ
ਸੱਚ ਤਾਂ ਰੌਸ਼ਨ ਹੁੰਦਾ ਏ ਬਸ ਸੱਚਿਆਂ ਲਈ
ਝੂਠੇ ਬਿਨ ਮਨਸ਼ਾ ਰੁਸ਼ਨਾਉਣੇ ਪੈਂਦੇ ਨੇ
ਨ੍ਹੇਰੀ ਜ਼ਿੰਦਗੀ ਵਿੱਚ ਤੇਰਾ ਰਾਹ ਵੇਖਣ ਨੂੰ
ਸਾਨੂੰ ਅਪਣੇ ਚਾਅ ਰੁਸ਼ਨਾਉਣੇ ਪੈਂਦੇ ਨੇ
ਚਾਹੁੰਦੇ ਨਹੀਂ ਪਰ ਵਿੱਚ ਵਿੱਚ ਟੁਕੜੇ ਯਾਦਾਂ ਦੇ
ਦਮ ਰੱਖਣ ਲਈ ਤਾਅ ਰੁਸ਼ਨਾਉਣੇ ਪੈਂਦੇ ਨੇ।
-ਸੰਗਤਾਰ