ਕਿੰਨਾ ਚੇਤਾ ਆਵੇਗਾ

ਜਦੋਂ ਜੰਗ ਸ਼ੋਹਰਤਾਂ ਦੀ ਮਨ ਹਾਰ ਜਾਵੇਗਾ
ਮੇਰੀਆਂ ਗੱਲਾਂ ਦਾ ਵੇਖੀਂ! ਕਿੰਨਾ ਚੇਤਾ ਆਵੇਗਾ

ਫੋਕੀ ਹਮਦਰਦੀ ਨਾ ਪੰਡੀਂ ਸਾਂਭੀ ਜਾਵੇਗੀ
ਘੁੱਟ ਨੰਗੇ ਸੀਨੇ ਨਾਲ਼ ਕੌਣ ਤੈਨੂੰ ਲਾਵੇਗਾ

ਛੋਟੇ ਛੋਟੇ ਕਰਕੇ ਮਜ਼ਾਕ ਗਿੱਲੇ ਹੱਥਾਂ ‘ਚੋਂ
ਫਾੜੀਆਂ ‘ਚ ਕੱਟੇ ਖੱਟੇ ਸੇਬ ਕੌਣ ਖਾਵੇਗਾ

ਬੀਤਿਆਂ ਜੁਗਾਂ ਦੇ ਕਿੱਸੇ ਸੁਣੇ ਨੇ ਹਜ਼ਾਰ
ਕੌਣ ਕਿੱਸਾ ਸਾਡਾ ਭਲਾ ਕਿਸ ਨੂੰ ਸੁਣਾਵੇਗਾ

ਫੁੱਲ ਸੁੱਕ ਜਾਵੇਗਾ ਤੇ ਬੂਟਾ ਮੁੱਕ ਜਾਵੇਗਾ
ਪੁੱਟ ਬਾਗ ਏਥੇ ਕੋਈ ਕੋਠੀਆਂ ਬਣਾਵੇਗਾ

ਕੋਠੀਆਂ ਦੇ ਵਿਹੜਿਆਂ ‘ਚ ਲਾਏ ਗਏ ਬਦੇਸ਼ੀ
ਬੂਟਿਆਂ ਨੂੰ ਤੇਰਾ ਸੁਪਨਾ ਵੀ ਨਹੀਂ ਆਵੇਗਾ

ਮਿੱਟੀ ਵਿੱਚ ਧਸ ਜਾਣੇ ਲਾਵਾ ਬਣ ਰੰਗ
ਅੰਬਰਾਂ ਨੂੰ ਅੱਗ ਸਮਾਂ ਆਉਣ ਵਾਲ਼ਾ ਲਾਵੇਗਾ

ਦੁਨੀਆਂ ਉਜਾੜ ਸਾੜ ਸੁਪਨੇਂ ਸੁਨਹਿਰੀ
ਕਹਿਰ ਵੀ ਇਹ ਸੀਨੇ ਵਾਲ਼ੀ ਅੱਗ ਨਾ ਬੁਝਾਵੇਗਾ

ਨਿੱਕੀ ਜਿਹੀ ਪਈ ਅੱਜ ਦਿਲ ‘ਚ ਤਰੇੜ
ਸਮੇਂ ‘ਚ ਤਰੇੜਾਂ ਟੁੱਟਾ ਦਿਲ ਵੇਖੀਂ ਪਾਵੇਗਾ

ਸੂਰਜ ਦਾ ਦੀਵਾ ਜਦੋਂ ਜਲ਼-ਬੁਝ ਜਾਵੇਗਾ
ਮੇਰੀਆਂ ਗੱਲਾਂ ਦਾ ਵੇਖੀਂ! ਕਿੰਨਾ ਚੇਤਾ ਆਵੇਗਾ

-ਸੰਗਤਾਰ