ਜਿਸ ਨੂੰ ਪੁੱਛੋ ਨਸ਼ਿਆਂ ਨੂੰ ਉਹ ਕੋਹੜ ਕਹੇਗਾ
ਗਾਲ਼ੀ ਇਹਨਾਂ ਜਵਾਨੀ ਦੇ ਕੇ ਜ਼ੋਰ ਕਹੇਗਾ
ਪਰ ਰਾਤ ਨੂੰ ਹਰ ਕੋਈ ਹੋ ਕੇ ਘਰ ਨੂੰ ਟੱਲੀ ਜਾਂਦਾ
ਜਦ ਪੁੱਛੋ ਹੱਸ ਕੇ ਕਹਿਣ ਚਲੋ ਜੀ! ਚੱਲੀ ਜਾਂਦਾ…
ਜਿਸ ਅਫਸਰ ਨੂੰ ਮਿਲ਼ੋ ਉਹ ਮੱਦਦਗਾਰ ਬੜਾ ਏ
ਨਾ ਉਹ ਰਿਸ਼ਵਤਖੋਰ ਯਾਰਾਂ ਦਾ ਯਾਰ ਬੜਾ ਏ
ਪਰ ਲੋਕੀਂ ਕਹਿਣ ਕਿ ਕਬਜ਼ੇ ਰੋਜ਼ ਦਬੱਲੀ ਜਾਂਦਾ
ਜਦ ਪੁੱਛੋ ਹੱਸ ਕੇ ਕਹਿਣ ਚਲੋ ਜੀ! ਚੱਲੀ ਜਾਂਦਾ…
ਆਪ ਜੀਹਦੇ ਗਲ਼ ਬਾਹਾਂ ਦਾ ਨਿੱਤ ਹਾਰ ਏ ਪੈਂਦਾ
ਆਸ਼ਕ ਲੋਕਾਂ ਦਾ ਉਹ ਵੈਰੀ ਬਣ ਬਣ ਬਹਿੰਦਾ
ਫੜ ਲਏ ਫੜ ਲਏ ਪਾਉਂਦਾ ਪਿੰਡ ਤ੍ਰਥੱਲੀ ਜਾਂਦਾ
ਜਦ ਪੁੱਛੋ ਹੱਸ ਕੇ ਕਹਿਣ ਚਲੋ ਜੀ! ਚੱਲੀ ਜਾਂਦਾ…
ਸੱਚੀ ਗੱਲ ਕਿ ਪਿਆਰ ਦੀ ਕਿੱਧਰੇ ਥੋੜ ਨਹੀਂ ਏ
ਸੋਲ਼ਾਂ ਆਨੇ ਸਹੀ ਹੋਣ ਦੀ ਲੋੜ ਨਹੀਂ ਏ
ਗੱਲ ਸੰਗਤਾਰ ਇਹ ਚੁੱਕੀ ਕਿਉਂ ਕੁਵੱਲੀ ਜਾਂਦਾ
ਜਦ ਪੁੱਛੋ ਹੱਸ ਕੇ ਕਹਿਣ ਚਲੋ ਜੀ! ਚੱਲੀ ਜਾਂਦਾ…
-ਸੰਗਤਾਰ